ਮਾਨਸਾ 07 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ):
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਵੱਲੋਂ “ਸਾਡਾ ਰੁਜ਼ਗਾਰ ਸਾਡਾ ਅਧਿਕਾਰ, ਗੌਰ ਕਰੇ ਸਰਕਾਰ” ਦੇ ਮਿਸ਼ਨ ਤਹਿਤ ਸਿਹਤ ਵਿਭਾਗ ਵੱਲੋਂ ਕੀਤੀ ਜਾ ਰਹੀ ਨਜਾਇਜ਼ ਖੱਜਲ ਖ਼ੁਆਰੀ ਖਿਲਾਫ ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰਵਾਉਣ ਲਈ 11 ਦਸੰਬਰ ਦਿਨ ਸੋਮਵਾਰ ਨੂੰ ਰੇਲਵੇ ਮਾਲ ਗੁਦਾਮ ਵਿਖੇ ” ਕਿੱਤਾ ਬਚਾਉ ਰੈਲੀ ” ਕੀਤੀ ਜਾ ਰਹੀ ਹੈ।ਇਸ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਕਮੇਟੀ ਦੀ ਨਿਗਰਾਨੀ ਹੇਠ ਤਿਆਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼ਾਮਲ ਵੱਖ ਵੱਖ ਬਲਾਕਾਂ ਦੇ ਆਗੂਆਂ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲਗਾਤਾਰ ਪਿੰਡਾਂ ਵਿੱਚ ਭਰਾਤਰੀ ਜਥੇਬੰਦੀਆਂ ਨਾਲ ਅਤੇ ਆਮ ਲੋਕਾਂ ਨਾਲ ਮੀਟਿੰਗਾਂ ਕਰਨ ਦਾ ਪਹਿਲਾ ਦੌਰ ਮੁਕੰਮਲ ਹੋ ਚੁੱਕਿਆ ਹੈ। ਡੰਡੇ, ਝੰਡੇ ਅਤੇ ਬੈਨਰ ਆਦਿ ਦੀ ਤਿਆਰੀ ਵੀ ਕਰ ਲਈ ਹੈ। ਸਮੂਹ ਸਾਥੀ ਰੈਲੀ ਦੀ ਤਿਆਰੀ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਸੱਤਪਾਲ ਰਿਸ਼ੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਚੋਣਾਂ ਸਮੇਂ ਅਣਰਜਿਸਟਰਡ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਟ੍ਰੇਨਿੰਗ ਦੇ ਕੇ ਕਾਨੂੰਨੀ ਮਾਨਤਾ ਦੇਣ ਦਾ ਐਲਾਨ ਕੀਤਾ ਗਿਆ ਸੀ। ਦੂਸਰੇ ਪਾਸੇ ਨਜਾਇਜ਼ ਖੱਜਲ ਖ਼ੁਆਰੀ ਕੀਤੀ ਜਾ ਰਹੀ ਹੈ। ਸਾਡੀ ਐਸੋਸੀਏਸ਼ਨ ਵਲੋਂ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਮਿਲ ਕੇ ਸਾਡੇ ਮਸਲੇ ਦੇ ਹੱਲ ਲਈ ਪੈਨਲ ਮੀਟਿੰਗ ਦੀ ਮੰਗ ਕੀਤੀ ਜਾ ਰਹੀ ਹੈ। ਪਰ ਅਜੇ ਤੱਕ ਫੋਕੇ ਲਾਰਿਆਂ ਤੋਂ ਸਿਵਾ ਹੋਰ ਕੁਝ ਨਹੀਂ ਮਿਲਿਆ।
ਆਗੂਆਂ ਨੇ ਸਮੂਹ ਮੈਡੀਕਲ ਪੈ੍ਕਟੀਸ਼ਨਰਾਂ ਨੂੰ ਅਪੀਲ ਕੀਤੀ ਕਿ ਜ਼ਾਬਤੇ ਵਿੱਚ ਰਹਿ ਕੇ ਰੈਲੀ ਵਿਚ ਜ਼ੋਰ ਸ਼ੋਰ ਨਾਲ ਸ਼ਮੂਲੀਅਤ ਕਰਨ । ਸਮੂਹ ਸਮਾਜ ਸੇਵੀ , ਭਰਾਤਰੀ, ਜਨਤਕ ਜਮਹੂਰੀ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਸਰਕਾਰ ਦੇ ਮਨਸੂਬਿਆਂ ਦਾ ਪਰਦਾਫਾਸ਼ ਕਰਦੇ ਹੋਏ ਭਰਵੀਂ ਸ਼ਮੂਲੀਅਤ ਕਰਨ ਲਈ ਪੁਰਜ਼ੋਰ ਅਪੀਲ ਕੀਤੀ। ਰੈਲੀ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿੱਚੋਂ ਮਾਰਚ ਕੱਢਿਆ ਜਾਵੇਗਾ।ਤੇ ਬਾਅਦ ‘ਚ ਡਿਪਟੀ ਕਮਿਸ਼ਨਰ ਮਾਨਸਾ ਅਤੇ ਸਿਵਲ ਸਰਜਨ ਮਾਨਸਾ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ।ਇਸ ਸਬੰਧੀ ਲੋੜੀਂਦੀ ਵਿਉਂਤਵੰਦੀ ਕੀਤੀ ਗਈ। ਇਸ ਸਮੇਂ ਚੇਅਰਮੈਨ ਰਘਵੀਰ ਚੰਦ ਸ਼ਰਮਾ,ਸਕੱਤਰ ਸਿਮਰਜੀਤ ਸਿੰਘ ਗਾਗੋਵਾਲ , ਕੈਸ਼ੀਅਰ ਅਮਰੀਕ ਸਿੰਘ ਮਾਖਾ, ਸਲਾਹਕਾਰ ਹਰਚੰਦ ਸਿੰਘ, ਹਰਬੰਸ ਸਿੰਘ ਦਿਆਲਪੁਰਾ, ਪ੍ਰੇਮ ਗਰਗ, ਸਤਵੰਤ ਸਿੰਘ ਮੋਹਰ ਸਿੰਘ ਵਾਲਾ, ਜੀਵਨ ਸਿੰਘ ਖਿਆਲੀ ਚਹਿਲਾਂ, ਹਰਵਿੰਦਰ ਸਿੰਘ ਖੀਵਾ, ਲੱਖਾ ਸਿੰਘ ਆਹਮਦਪੁਰ, ਹਰਮੇਲ ਸਿੰਘ ਉੱਭਾ, ਲਾਭ ਸਿੰਘ, ਮੈਗਲ ਸਿੰਘ , ਗੁਰਪ੍ਰੀਤ ਸਿੰਘ, ਜੀਵਨ ਫਫੜੇ, ਲਵਪ੍ਰੀਤ ਸਿੰਘ, ਸਿਸਨ ਗੋਇਲ, ਜਗਤਾਰ ਸਿੰਘ ਗੁਰਨੇ, ਰਸ਼ਪਾਲ ਸਿੰਘ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਰੈਲੀ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ।