*101 ਨਵਜੰਮੀਆਂ ਬੱਚੀਆਂ ਨੂੰ ਸ਼ਗਨ ਤੇ ਤੋਹਫੇ ਵਜੋਂ ਸੂਟ ਵੀ ਦਿੱਤੇ*

0
9

ਫਗਵਾੜਾ 10 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ (ਰਜਿ.) ਫਗਵਾੜਾ ਵਲੋਂ ਨਹਿਰੂ ਯੁਵਾ ਕੇਂਦਰ ਕਪੂਰਥਲਾ ਅਤੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਫਗਵਾੜਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਉਹਾਰ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸੀ.ਡੀ.ਪੀ.ਓ. ਖੁਸਮੀਤ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਨੇਤਰਹੀਣ ਤੇ ਬਿਰਧ ਆਸ਼ਰਮ ਸਪਰੋੜ ਵਿਖੇ ਨੇਤਰਹੀਨ ਅਤੇ ਨਵ-ਜੰਮੀਆਂ ਬੱਚੀਆਂ ਦੇ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਏ.ਡੀ.ਸੀ. ਫਗਵਾੜਾ ਅਨੁਪਮ ਕਲੇਰ (ਆਈ.ਏ.ਐਸ.), ਐਸ.ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਅਤੇ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਡੀ.ਐਸ.ਪੀ. ਭਾਰਤ ਭੂਸ਼ਣ, ਐਸ.ਐਚ.ਓ. ਸਦਰ ਬਲਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਐਕਸਪੋਰਟਰ ਅਸ਼ੋਕ ਕੁਲਥਮ, ਸੋਨਾਲੀ ਕੁਲਥਮ, ਤਵਿੰਦਰ ਰਾਮ ਚੇਅਰਮੈਨ ਮਾਰਕਿਟ ਕਮੇਟੀ ਫਗਵਾੜਾ, ਸੰਤੋਸ਼ ਕੁਮਾਰ ਗੋਗੀ ਜਿਲ੍ਹਾ ਪ੍ਰਧਾਨ ਆਪ ਪਾਰਟੀ ਐਸ.ਸੀ. ਵਿੰਗ ਕਪੂਰਥਲਾ ਤੇ ਸੀਤਾ ਦੇਵੀ ਕੌਂਸਲਰ ਮੋਜੂਦ ਰਹੇ। ਸਮੂਹ ਪਤਵੰਤਿਆਂ ਨੇ ਬੱਚੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪੰਜਾਬੀ ਸਭਿਆਚਾਰ ਦੇ ਇਸ ਪ੍ਰਮੁੱਖ ਤਿਉਹਾਰ ਦੇ ਮਹੱਤਵ ਬਾਰੇ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਏ.ਡੀ.ਸੀ. ਅਨੁਪਮ ਕਲੇਰ ਅਤੇ ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਪੰਜਾਬ ਦਾ ਅਮੀਰ ਵਿਰਸਾ ਸਾਡਾ ਮਾਣ ਹੈ। ਇੱਥੋਂ ਦੇ ਤੀਜ-ਤਿਉਹਾਰ, ਲੋਕਾਂ ਦਾ ਆਪਸੀ ਪਿਆਰ ਤੇ ਸਤਿਕਾਰ, ਵੱਖੋ-ਵੱਖਰੇ ਰੀਤੀ-ਰਿਵਾਜ, ਮਿਲਵਰਤਨ ਦਾ ਨਿੱਘਾ ਸੁਭਾਅ ਅਤੇ ਪ੍ਰਹੁਣਚਾਰੀ ਪੰਜਾਬੀ ਸੱਭਿਆਚਾਰ ਦੇ ਬਹੁਤ ਹੀ ਖੂਬਸੂਰਤ ਰੰਗ ਹਨ, ਜਿਹਨਾ ਕਾਰਨ ਪੰਜਾਬੀ ਦੇਸ਼-ਵਿਦੇਸ਼ ’ਚ ਆਪਣੀ ਵਿਸ਼ੇਸ਼ ਪਹਿਚਾਣ ਰੱਖਦੇ ਹਨ। ਪਰ ਸਮੇਂ ਦੇ ਨਾਲ ਕੁੱਝ ਕੁਰੀਤੀਆਂ ਨੇ ਵੀ ਸਮਾਜ ਵਿਚ ਥਾਂ ਬਣਾ ਲਈ ਅਤੇ ਕੁੜੀਆਂ ਨੂੰ ਕੁੱਖ ਵਿਚ ਕਤਲ ਕਰਨ ਦਾ ਰੁਝਾਨ ਵੱਡੀ ਪੱਧਰ ਤੇ ਵੱਧ ਗਿਆ ਸੀ। ਜਿਸ ਨੂੰ ਸਮਾਜ ਸੇਵੀ ਜੱਥੇਬੰਦੀਆਂ ਵਲੋਂ ‘ਧੀਆਂ ਦੀ ਲੋਹੜੀ’ ਮਨਾਉਣ ਦੀ ਰੀਤ ਸ਼ੁਰੂ ਕਰਨ ਤੋਂ ਬਾਅਦ ਠੱਲ੍ਹ ਪਈ ਹੈ। ਇਸ ਨਾਲ ਮਰਦ ਪ੍ਰਧਾਨ ਸਮਾਜ ਦੀ ਸੋਚ ਵਿਚ ਵੀ ਕਾਫੀ ਸਾਰਥਕ ਬਦਲਾਅ ਆਇਆ ਹੈ। ਉਹਨਾਂ ਨੇ ਸਰਬ ਨੌਜਵਾਨ ਸਭਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਵੀ ਕੀਤੀ। ਨਾਇਬ ਤਹਿਸੀਲਦਾਰ ਮਨਦੀਪ ਸਿੰਘ ਅਤੇ ਡੀ.ਐਸ.ਪੀ. ਭਾਰਤ ਭੂਸ਼ਣ ਨੇ ਵੀ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਰਬ ਨੌਜਵਾਨ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੀ ਮੁਹਿਮ ਨੂੰ ਧੀਆਂ ਦੀ ਲੋਹੜੀ ਨੇ ਸਾਰਥਕ ਦਿਸ਼ਾ ਦੇਣ ਦਾ ਕੰਮ ਕੀਤਾ ਹੈ। ਪਰ ਇਹ ਮੁਹਿਮ ਸਿਰਫ ਸਾਲ ਵਿਚ ਇਕ ਵਾਰ  ਲੋਹੜੀ ਮਨਾਉਣ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ ਬਲਕਿ ਲੜਕੀਆਂ ਨੂੰ ਅੱਗੇ ਵਧਣ ਅਤੇ ਆਤਮ-ਨਿਰਭਰ ਬਨਾਉਣ ਲਈ ਯਤਨ ਕਰਨੇ ਹੋਣਗੇ। ਚੰਗੀ ਗੱਲ ਹੈ ਕਿ ਸਭਾ ਵਲੋਂ ਵੋਕੇਸ਼ਨਲ ਸੈਂਟਰ ਰਾਹੀਂ ਇਹ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਸੀ.ਡੀ.ਪੀ.ਓ. ਖੁਸ਼ਮੀਤ ਕੌਰ ਅਤੇ ਐਕਸਪੋਰਟਰ ਅਸ਼ੋਕ ਕੁਲਥਮ, ਸੋਨਾਲੀ ਕੁਲਥਮ ਨੇ ਵੀ ਇਸ ਉੱਦਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਬਹੁਤ ਹੀ ਘੱਟ ਇਹੋ ਜਿਹੀਆਂ ਸੰਸਥਾਵਾਂ ਹਨ ਜਿਹੜੀਆਂ ਲੋਕ ਭਲਾਈ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਅਤੇ ਆਮ ਆਦਮੀ ਪਾਰਟੀ ਆਗੂ ਸੰਤੋਸ਼ ਕੁਮਾਰ ਗੋਗੀ ਨੇ ਪੰਜਾਬੀ ਸਭਿਆਚਾਰ ਦੀ ਗੱਲ ਕਰਦਿਆਂ ਭਾਈਚਾਰਕ ਸਾਂਝ ਦੀ ਮਜਬੂਤੀ, ਲੜਕੀਆਂ ਨੂੰ ਘਰਾਂ ਅਤੇ ਸਮਾਜ ’ਚ ਬਰਾਬਰੀ ਦਾ ਦਰਜਾ ਦੇਣ ਤੇ ਜੋਰ ਦਿੱਤਾ। ਉਹਨਾ ਕਿਹਾ ਕਿ ਲੜਕੀਆਂ ਵੱਧ ਤੋਂ ਵੱਧ ਪੜ੍ਹਨ, ਕਿਉਂਕਿ ਉਹ ਦੇਸ਼ ’ਚ ਆਬਾਦੀ ਦਾ ਅੱਧਾ ਹਿੱਸਾ ਹਨ, ਉਹਨਾ ਲਈ ਸਮਾਜ ਦੇ ਹਰੇਕ ਖੇਤਰ ‘ਚ ਬਰਾਬਰ ਦੀ ਵੰਡ ਹੋਣੀ ਚਾਹੀਦੀ ਹੈ। ਸਭਾ ਵਲੋਂ 101 ਨਵਜੰਮੀਆਂ ਬੱਚੀਆਂ ਨੂੰ ਸੂਟ ਅਤੇ ਗਰਮ ਕੋਟੀਆਂ ਤੋਂ ਇਲਾਵਾ ਹਾਜਰੀਨ ਨੂੰ ਲੋਹੜੀ ਦੇ ਸ਼ਗਨ ਵਜੋਂ ਮੂੰਗਫਲੀ, ਰੇਓੜੀਆਂ, ਲੱਡੂ, ਪਿੰਨੀਆਂ ਆਦਿ ਦੀ ਵੰਡ ਕੀਤੀ ਗਈ। ਇਸ ਦੌਰਾਨ ਲੋਹੜੀ ਦੀ ਧੂਣੀ ਜਲਾਈ ਗਈ। ਗਾਇਕ ਨਿਰਮਲਜੀਤ ਅਤੇ ਬਿੱਟੂ ਢੋਲੀ ਨੇ ਲੋਕਗੀਤਾਂ ਨਾਲ ਸਮਾਂ ਬੰਨਿ੍ਹਆ। ਪਤਵੰਤਿਆਂ ਅਤੇ ਪ੍ਰਬੰਧਕਾਂ ਵਲੋਂ ਗਿੱਧਾ, ਬੋਲੀਆਂ ਭੰਗੜਾ ਤੋਂ ਇਲਾਵਾ ਲੋਹੜੀ ਦੇ ਗੀਤ ਗਾਏ ਗਏ। ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੇ ਰਵਾਇਤੀ ਲੋਕਗੀਤਾਂ ਰਾਹੀਂ ਲੋਹੜੀ ਮੰਗਣ ਦਾ ਸ਼ਗਨ ਪੂਰਾ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਨਿਭਾਈ ਗਈ। ਇਸ ਮੌਕੇ ਕਰਮਜੀਤ ਕੌਰ ਸੁਪਰਵਾਈਜਰ ਸੀ.ਡੀ.ਪੀ.ਓ. ਦਫਤਰ ਫਗਵਾੜਾ, ਵਿੱਕੀ ਸਿੰਘ, ਹਰਬੰਸ ਲਾਲ ਦਫਤਰ ਸੀ.ਡੀ.ਪੀ.ਓ., ਪਰਮਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਨੇਤਰਹੀਣ ਆਸ਼ਰਮ ਸਪਰੋੜ, ਮੁਖਤਿਆਰ ਸਿੰਘ ਮੈਨੇਜਰ, ਸੁਭਾਸ਼ ਕਵਾਤਰਾ, ਰਸ਼ਪਾਲ ਰਾਏ ਗੁਪਤਾ, ਸਤਨਾਮ ਸਿੰਘ ਰਾਣਾ, ਡਾ. ਵਿਜੇ ਕੁਮਾਰ ਜਨਰਲ ਸਕੱਤਰ, ਡਾ. ਕੁਲਦੀਪ ਸਿੰਘ ਖਜਾਨਚੀ, ਗੁਰਦੀਪ ਸਿੰਘ ਤੁਲੀ, ਰਮਨ ਨਹਿਰਾ, ਰਾਕੇਸ਼ ਕੋਛੜ, ਵਿਕਰਮਜੀਤ ਵਿੱਕੀ, ਰਵਿੰਦਰ ਸਿੰਘ ਰਾਏ, ਨਰਿੰਦਰ ਸੈਣੀ, ਅਸ਼ੋਕ ਸ਼ਰਮਾ, ਆਰ.ਪੀ. ਸ਼ਰਮਾ, ਜਗਜੀਤ ਸਿੰਘ ਸੇਠ, ਸੁਖਦੇਵ ਗੰਡਵਾਂ, ਗੁਰਸ਼ਰਨ ਬਾਸੀ, ਮਨਦੀਪ ਬਾਸੀ, ਜਸ਼ਨ ਮੇਹਰਾ, ਸਾਹਿਬਜੀਤ ਸਾਬੀ, ਕਵੀ ਮਨੋਜ ਫਗਵਾੜਵੀ,ਨਰੇਸ਼ ਕੋਹਲੀ ਸੇਵਾਮੁਕਤ ਹੈੱਡ ਮਾਸਟਰ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ, ਮੈਡਮ ਨਵਜੋਤ ਕੌਰ ਤੋਂ ਇਲਾਵਾ ਸੈਂਟਰ ਦੀਆਂ ਸਿੱਖਿਆਰਥਣਾਂ ਹਾਜਰ ਸਨ।

NO COMMENTS