100 ਤੋਂ ਵੱਧ ਗ੍ਰਾਮ ਸਭਾਵਾਂ ਨੇ ਪਾਏ ਖੇਤੀ ਕਾਨੂੰਨਾਂ ਖਿਲਾਫ ਮਤੇ

0
33

ਮਾਨਸਾ 11 ਅਕਤੂਬਰ (ਸਾਰਾ ਯਹਾ / ਬਲਜੀਤ ਸ਼ਰਮਾ) —- ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਸੰਘਰਸ਼ ਦੇ ਚੱਲਦਿਆਂ ਦੂਜੇ ਪਾਸੇ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਅਗਵਾਈ ਵਿਚ ਵੀ ਗ੍ਰਾਮ ਸਭਾਵਾਂ ਵੱਲੋਂ ਮਤੇ ਪਾਉਣ ਦਾ ਸਿਲਸਿਲਾ ਜਾਰੀ ਹੈ,ਜਿਸ ਤਹਿਤ ਹੁਣ ਤੱਕ 100 ਦੇ ਕਰੀਬ ਗ੍ਰਾਮ ਸਭਾਵਾਂ ਮਤੇ ਪਾ ਚੁੱਕੀਆਂ ਹਨ ਤੇ ਹੋਰ ਸਭਾਵਾਂ ਇਸ ਵਾਸਤੇ ਤਿਆਰ ਹਨ। ਮੋਫਰ ਦਾ ਕਹਿਣਾ ਹੈ ਕਿ ਇਹ ਮਤੇ ਅੱਗੇ ਜਾ ਕੇ ਖੇਤੀ ਕਾਨੂੰਨਾਂ ਦੇ ਖਿਲਾਫ ਕਾਨੂੰਨੀ ਲੜਾਈ ਲੜਦੇ ਹੋਏ ਦਸਤਾਵੇਜ਼ਾਂ ਦਾ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਜਦੋਂ ਤੋਂ ਕੇਂਦਰ ਸਰਕਾਰ ਵੱਲੋਂ ਖੇਤੀ ਬਿਲਾਂ ਦਾ ਮਤਾ ਲਿਆਂਦਾ ਗਿਆ ਹੈ, ਉਦੋਂ ਤੋਂ ਕੁੱਝ ਗ੍ਰਾਮ ਸਭਾਵਾਂ ਤੇ ਪੰਚਾਇਤਾਂ ਇੰਨਾਂ ਮਤਿਆਂ ਦੇ ਖਿਲਾਫ ਮਤੇ ਪਾਸ ਕਰ ਰਹੀਆਂ ਹਨ।ਜਿਸ ਤਹਿਤ ਹੁਣ ਤੱਕ ਹਲਕਾ ਸਰਦੂਲਗੜ ਦੇ ਪਿੰਡ ਮੋਫਰ, ਰਾਏਪੁਰ, ਫਤਿਹਪੁਰ, ਦਾਨੇਵਾਲਾ, ਨੰਗਲ ਕਲਾਂ, ਨੰਗਲ ਖੁਰਦ, ਝੁਨੀਰ, ਜਵਾਹਰਕੇ ਦੀਆਂ ਗ੍ਰਾਮ ਸਭਾਵਾਂ ਇਹ ਮਤੇ ਪਾਸ ਕਰ ਚੁੱਕੀਆਂ ਹਨ।ਇੰਨਾਂ ਪਿੰਡਾਂ ਨੇ ਸਮੂਹਿਕ ਤੌਰ ਤੇ ਇਹ ਫੈਸਲਾ ਲਿਆ ਹੈ ਤੇ ਜ਼ਿਲਾ ਪ੍ਰੀਸ਼ਦ ਇਸ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਦੱਸਿਆ ਗਿਆ ਹੈ ਕਿ ਇੰਨਾਂ ਮਤਿਆਂ ਰਾਹੀਂ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਨੂੰ ਇਹ ਦੱਸਣਾ ਵੀ ਹੈ ਕਿ ਉਨਾਂ ਦੀ ਆਪਣੀ ਇਕ ਤਾਕਤ ਹੈ ਤੇ ਉਹ ਸਿਰਫ ਇਹੀ ਹੀ ਨਹੀਂ,ਬਲਕਿ ਆਪਣੀ ਤਾਕਤ ਨਾਲ ਹੋਰ ਵੀ ਫੈਸਲੇ ਲੈ ਸਕਦੀਆਂ ਹਨ। ਚੇਅਰਮੈਨ ਬਿਰਕਮ ਸਿੰਘ ਮੋਫਰ ਤੇ ਪ੍ਰੋ ਬਿੱਕਰਜੀਤ ਸਿੰਘ ਸਾਧੂਵਾਲਾ ਦਾ ਕਹਿਣਾ ਹੈ ਕਿ ਇਨਾਂ ਮਤਿਆਂ ਰਾਹੀਂ ਗ੍ਰਾਮ ਸਭਾਵਾਂ ਨੂੰ ਉਨਾਂ ਦੀ ਤਾਕਤ ਦਾ ਅਹਿਸਾਸ ਕਰਵਾਉਣਾ ਤੇ ਕੇਂਦਰ ਦੇ ਲੋਕ ਮਾਰੂ ਕਾਨੂੰਨ ਬਾਰੇ ਜਾਣਕਾਰੀ ਦੇਣਾ ਹੈ। ਮੋਫਰ ਨੇ ਕਿਹਾ ਕਿ ਅੱਜ ਪੰਜਾਬ ਵਿਚ ਹੀ ਨਹੀ,ਬਲਕਿ ਇਨਾਂ ਨਵੇਂ ਕਾਨੂੰਨਾਂ ਖਿਲਾਫ ਦੇਸ਼ ਵਿਚ ਆਵਾਜ਼ ਉਠੀ ਹੋਈ ਹੈ,ਜਿਸ ਤਹਿਤ ਕਿਸਾਨੀ ਨੂੰ ਬਰਬਾਦ ਕਰਨ ਦੀ ਯੌਜਨਾ ਹੈ ਤੇ ਆਉਂਦੇ ਸਮੇਂ ਵਿਚ ਇੰਨਾਂ ਕਾਨੂੰਨਾਂ ਰਾਹੀਂ ਕਿਸਾਨਾਂ ਦੀ ਫਸਲ ਤੇ ਜ਼ਮੀਨਾਂ ਤੇ ਕਾਰਪੋਰੇਟ ਘਰਾਣਿਆਂ ਤੇ ਵੱਡੀਆਂ ਕੰਪਨੀਆਂ ਦਾ ਕਬਜ਼ਾ ਕਰਨ ਦੀ ਯੌਜਨਾ ਹੈ,ਜਿਸ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਤੇ ਜਿਲਾ ਪ੍ਰੀਸ਼ਦ ਕਿਸਾਨਾਂ ਦੇ ਨਾਲ ਡਟੀ ਹੋਈ ਹੈ। ਉਨਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਦੇਸ਼ ਵਿਚ ਇਸ ਤਰਾਂ ਦਾ ਕਿਸਾਨ ਮਾਰੂ ਕਾਨੂੰਨ ਪਾਸ ਕੀਤਾ ਗਿਆ ਹੈ,ਜਿਸ ਦੇ ਆਉਣ ਵਾਲੇ ਸਮੇਂ ਵਿਚ ਭਿਆਨਕ ਸਿੱਟੇ ਨਿਕਲਣਗੇ। ਮੋਫਰ ਨੇ ਕਿਹਾ ਕਿ ਪਿੰਡਾਂ ਚ ਕਿਸਾਨ ਵੀ ਕੇਂਦਰ ਦੇ ਇਸ ਫੈਸਲੇ ਖਿਲਾਫ ਨਿੱਤਰੇ ਹੋਏ ਹਨ,ਕਿਉਂਕਿ ਇਹ ਫੈਸਲਾ ਸਰਕਾਰ ਦਾ ਘੱਟ, ਕਿਸਾਨੀ ਵਿਰੋਧੀ ਤੇ ਵੱਡੇ ਘਰਾਣਿਆਂ ਦਾ ਜ਼ਿਆਦਾ ਹੈ।ਉਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਕੋਲ ਖੇਤੀ ਤੋਂ ਇਲਾਵਾ ਗੁਜ਼ਾਰਾ ਕਰਨ ਵਾਸਤੇ ਹੋਰ ਕੋਈ ਚਾਰਾ ਨਹੀਂ ਹੈ ਤੇ ਪੰਜਾਬ ਸੂਬਾ ਅਨਾਜ ਪੈਦਾ ਕਰਕੇ ਸਾਰੇ ਦੇਸ਼ ਦਾ ਢਿੱਡ ਭਰਦਾ ਹੈ,ਅੱਜ ਇਸੇ ਕਰਕੇ ਹੀ ਕਿਸਾਨ ਸੜਕਾਂ ਤੇ ਹੈ ਕਿ ਕੇਂਦਰ ਦਾ ਇਹ ਕਾਨੂੰਨ ਉਸਦੀ ਬਰਬਾਦੀ ਦਾ ਮੁੱਢ ਹੈ। ਜਿਸਦੇ ਖਿਲਾਫ ਜ਼ਿਲਾ ਮਾਨਸਾ ਦੀਆਂ ਗ੍ਰਾਮ ਸਭਾਵਾਂ ਤੇ ਪੰਚਾਇਤਾ ਵੀ ਨਿੱਤਰੀਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਨੰਗਲ, ਸੁੱਖੀ ਭੰਮੇ, ਅਮਰੀਕ ਸਿੰਘ ਢਿੱਲੋਂ ਝੁਨੀਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS