ਚੰਡੀਗੜ, 2 ਜੂਨ (ਸਾਰਾ ਯਹਾ / ਬਲਜੀਤ ਸ਼ਰਮਾ) : ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਹਿਰੀ ਪਾਣੀ ਲਈ ਕੋਈ ਮੁਸ਼ਕਿਲ ਨਾ ਆਵੇ ਇਸ ਵਾਸਤੇ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਝੋਨਾ ਪੱਟੀ ਵਿੱਚ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ ਦਾ ਕੰਮ 10 ਜੂਨ, 2020 ਤੋਂ ਪਹਿਲਾਂ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਹੈ।
ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਵਿਭਾਗ ਟੇਲਾਂ ’ਤੇ ਪੈਂਦੇ ਖੇਤਾਂ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪੂਰੀ ਤਰਾਂ ਵਚਨਬੱਧ ਹੈ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਦੇਸ਼-ਵਿਆਪੀ ਲਾਕਡਾਊਨ ਦੌਰਾਨ ਵੀ ਵਿਭਾਗ ਦੇ ਅਧਿਕਾਰੀ/ਕਰਮਚਾਰੀ ਰਜਬਾਹਿਆਂ ਅਤੇ ਮਾਈਨਰਾਂ ਦੀ ਸਫ਼ਾਈ ਦੇ ਕਾਰਜ ਵਿੱਚ ਜੁਟੇ ਰਹੇ ਹਨ। ਜ਼ਿਕਰਯੋਗ ਹੈ ਕਿ ਰਜਬਾਹਿਆਂ ਦੀ ਸਫ਼ਾਈ ਦੇ ਕੰਮ ਦੌਰਾਨ ਸਰਕਾਰ ਵੱਲੋਂ ਕੋਵਿਡ-19 ਤੋਂ ਬਚਾਅ ਲਈ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਨਹਿਰੀ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਕਪਾਹ ਪੱਟੀ ਵਿੱਚ ਰਜਬਾਹਿਆਂ/ਮਾਈਨਰਾਂ ਦੀ ਅੰਦਰੂਨੀ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਪਾਹ ਪੱਟੀ ਵਿਚ 1396.55 ਕਿਲੋਮੀਟਰ ਲੰਬੇ ਰਜਬਾਹਿਆਂ/ਮਾਈਨਰਾਂ ਦੀ ਸਫ਼ਾਈ ਦਾ ਕੰਮ 339.19 ਲੱਖ ਰੁਪਏ ਖਰਚ ਕੇ ਮਗਨਰੇਗਾ/ਏਜੰਸੀਆਂ ਰਾਹੀਂ ਨੇਪਰੇ ਚਾੜ੍ਹਿਆ ਗਿਆ ਹੈ।
ਤਫਸੀਲ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਰਜਬਾਹਿਆਂ/ਮਾਈਨਰਾਂ ਦੇ ਤਕਰੀਬਨ 504.6 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 123.19 ਲੱਖ ਰੁਪਏ ਖ਼ਰਚੇ ਗਏ ਹਨ। ਇਸੇ ਤਰਾਂ ਫਰੀਦਕੋਟ ਜ਼ਿਲੇ ਵਿੱਚ ਤਕਰੀਬਨ 23.81 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 8.57 ਲੱਖ ਰੁਪਏ, ਬਠਿੰਡਾ ਜ਼ਿਲੇੇ ਵਿੱਚ ਤਕਰੀਬਨ 536.69 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 115.96 ਲੱਖ ਰੁਪਏ, ਫ਼ਾਜ਼ਿਲਕਾ ਜ਼ਿਲੇ ਵਿੱਚ ਤਕਰੀਬਨ 207.55 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 59.89 ਲੱਖ ਰੁਪਏ ਅਤੇ ਮਾਨਸਾ ਜ਼ਿਲੇ ਵਿੱਚ ਰਜਬਾਹਿਆਂ/ਮਾਈਨਰਾਂ ਦੇ ਤਕਰੀਬਨ 123.9 ਕਿਲੋਮੀਟਰ ਹਿੱਸੇ ਦੀ ਸਫ਼ਾਈ ’ਤੇ ਲਗਭਗ 31.58 ਲੱਖ ਰੁਪਏ ਖ਼ਰਚੇ ਗਏ ਹਨ।
———–