ਮਾਨਸਾ, 31ਜੁਲਾਈ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਬਲਦੀਪ ਕੌਰ ਆਈ.ੲੇ.ਅੈਸ.ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਸਰਜਨ ਮਾਨਸਾ ਡਾ. ਹਰਿੰਦਰ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ 01 ਅਗਸਤ ਤੋਂ 07 ਅਗਸਤ ਤੱਕ ਜ਼ਿਲ੍ਹਾ ਮਾਨਸਾ ਵਿਖੇ ਦੀਆਂ ਸਮੂਹ ਸਿਹਤ ਸੰਸਥਾਵਾਂ, ਸਬ ਸੈਂਟਰ ,ਪਿੰਡ ਪੱਧਰ ਤੇ ਮਾਂ ਦੇ ਦੁੱਧ ਪ੍ਰਤੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਅਤਿ ਉੱਤਮ ਅਤੇ ਅੰਮ੍ਰਿਤ ਦੇ ਸਮਾਨ ਹੈ । ਮਾਂ ਦਾ ਪਹਿਲਾ ਗਾੜ੍ਹਾ ਪੀਲੇ ਰੰਗ ਦਾ ਦੁੱਧ ਬੱਚੇ ਨੂੰ ਦੇਣਾ ਅਤਿ ਜ਼ਰੂਰੀ ਹੈ । ਇਸ ਦੁੱਧ ਵਿਚ ਬਿਮਾਰੀਆਂ ਨਾਲ ਲੜਨ ਦੇ ਕੀਟਾਣੂ ਹੁੰਦੇ ਹਨ ਜੋ ਕਿ ਬੱਚੇ ਦੇ ਸਰੀਰ ਦੀ ਇਮਿਊਨਿਟੀ ਵਧਾਉਂਦੇ ਹਨ ਅਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਕਰਦੇ ਹਨ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਨੂੰ ਪਹਿਲੇ ਛੇ ਮਹੀਨੇ ਵੱਧ ਤੋਂ ਵੱਧ ਪਿਲਾਉਣਾ ਚਾਹੀਦਾ ਹੈ। ਮਾਂ ਦੇ ਦੁੱਧ ਵਿਚ 70%ਪਾਣੀ ਹੁੰਦਾ ਹੈ।ਇਸ ਲਈ ਬੱਚੇ ਨੂੰ ਉੱਪਰੀ ਕੋਈ ਚੀਜ਼ ਜਾਂ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਜੇਕਰ ਬੱਚਾ ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਪੀਂਦਾ ਹੈ ਤਾਂ ਉਸ ਨੂੰ ਬਿਮਾਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਕਿਉਂਕਿ ਓਪਰਾ ਦੁੱਧ ਜਾਂ ਕੋਈ ਚੀਜ਼ ਜਾਂ ਸ਼ੀਸ਼ੀ ਨਾਲ ਲੈ ਗਏ ਦੁੱਧ ਬੱਚੇ ਦੀ ਪੇਟ ਨੂੰ ਇਨਫੈਕਸ਼ਨ ਦਿੰਦਾ ਹੈ। ਬੱਚਾ ਜਲਦ ਵਾਰ ਵਾਰ ਬਿਮਾਰ ਹੁੰਦਾ ਹੈ।ਬੱਚਿਆਂ ਨੂੰ ਛੇ ਮਹੀਨੇ ਤੌਂ ਲੈ ਕੇ ਦੋ ਸਾਲ ਤੱਕ ਮਾਂ ਦੇ ਦੁੱਧ ਦੇ ਨਾਲ ਨਾਲ ਓਪਰੀ ਖੁਰਾਕ ਵੀ ਦੇਣੀ ਚਾਹੀਦੀ ਹੈ। ਨਵਜੰਮੇ ਬੱਚੇ ਨੁੰ ਕੋਈ ਵੀ ਗੁੜਤੀ ਨਹੀਂ ਦੇਣੀ ਚਾਹੀਦੀ ।ਸਗੌਂ ਜਨਮ ਤੌਂ ਤੁਰੰਤ ਬਾਅਦ ਮਾਂ ਦਾ ਦੁੱਧ ਦੇਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।