ਫ਼ੇਜ਼ 3 ਬੀ1 ਦਾ ਮੁੱਢਲਾ ਸਿਹਤ ਕੇਂਦਰ ਅਪਗ੍ਰੇਡ ਕਰ ਕੇ ਕਮਿਊਨਿਟੀ ਹੈਲਥ ਸੈਂਟਰ ਬਣਾਉਣ ਨੂੰ ਹਰੀ ਝੰਡੀ-ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ

0
12

ਚੰਡੀਗੜ੍ਹ/ਐਸ.ਏ.ਐਸ ਨਗਰ, 20 ਜੁਲਾਈ  (ਸਾਰਾ ਯਹਾ,ਹੰਨੀ ਬਾਂਸਲ)  ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਅਹਿਦ ਨਾਲ ਜਿੱਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਵੱਡੇ ਪੱਧਰ ਉਤੇ ਮੁਲਾਜ਼ਮਾਂ ਦੀ ਭਰਤੀ ਕਰ ਰਹੀ ਹੈ, ਉਥੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਵੀ ਇਨਕਲਾਬੀ ਕਦਮ ਚੁੱਕੇ ਜਾ ਰਹੇ ਹਨ। ਇਸੇ ਵਚਨਬੱਧਤਾ ਤਹਿਤ ਮੁਹਾਲੀ ਦੇ ਫ਼ੇਜ਼-3ਬੀ1 ਦੇ ਮੁੱਢਲੇ ਸਿਹਤ ਕੇਂਦਰ ਨੂੰ ਅਪਗ੍ਰੇਡ ਕਰ ਕੇ ਕਮਿਊਨਿਟੀ ਹੈਲਥ ਸੈਂਟਰ ਬਣਾਉਣ ਨੂੰ ਹਰੀ ਝੰਡੀ ਦਿੱਤੀ ਗਈ ਹੈ।

ਇਹ ਖੁਲਾਸਾ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ (ਪੀ.ਐਚ.ਸੀ.) 3ਬੀ1 ਨੂੰ ਅਪਗ੍ਰੇਡ ਕਰ ਕੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਕਿ ਲੋਕਾਂ ਨੂੰ ਮਿਆਰੀ ਸਹੂਲਤਾਂ ਮਿਲ ਸਕਣ ਅਤੇ ਫ਼ੇਜ਼ 6 ਦੇ ਸਿਵਲ ਹਸਪਤਾਲ ਉਤੇ ਵਧ ਰਹੇ ਬੋਝ ਨੂੰ ਕੁੱਝ ਘੱਟ ਕੀਤਾ ਜਾ ਸਕੇ। ਉਨਾਂ ਕਿਹਾ ਕਿ ਫ਼ੇਜ਼ 6 ਦਾ ਸਿਵਲ ਹਸਪਤਾਲ ਅਤੇ ਨਿਰਮਾਣ ਅਧੀਨ ਮੈਡੀਕਲ ਕਾਲਜ ਸ਼ਹਿਰ ਦੇ ਇਕ ਪਾਸੇ ਪੈਂਦਾ ਸੀ, ਜਿਸ ਕਾਰਨ ਬਜ਼ੁਰਗਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆਉਂਦੀ ਸੀ, ਜਦੋਂ ਕਿ ਫ਼ੇਜ਼ 3ਬੀ1 ਸ਼ਹਿਰ ਦਾ ਕੇਂਦਰ ਬਿੰਦੂ ਹੈ, ਜਿੱਥੇ ਹਰੇਕ ਦਾ ਪਹੁੰਚਣਾ ਸਿਵਲ ਹਸਪਤਾਲ ਦੇ ਮੁਕਾਬਲੇ ਜ਼ਿਆਦਾ ਆਸਾਨ ਹੈ। ਉਨਾਂ ਦੱਸਿਆ ਕਿ ਇਸ ਪੀ.ਐਚ.ਸੀ. ਨੂੰ ਸੀ.ਐਚ.ਸੀ. ਕਰਨ ਸਬੰਧੀ ਮਨਜ਼ੂਰੀ ਪੱਤਰ ਜਾਰੀ ਕਰ ਕੇ ਸਿਵਲ ਸਰਜਨ ਮੁਹਾਲੀ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਵਿੱਚ ਸਟਾਫ਼ ਦੀ ਘਾਟ ਨਹੀਂ ਆਉਣੀ ਚਾਹੀਦੀ ਅਤੇ ਜਿਹੜੀਆਂ ਆਸਾਮੀਆਂ ਦੀ ਰਚਨਾ ਕਰਵਾਉਣੀ ਹੈ, ਉਸ ਦੀ ਤਜਵੀਜ਼ ਦੋ ਦਿਨਾਂ ਵਿੱਚ ਬਣਾ ਕੇ ਭੇਜੀ ਜਾਵੇ, ਜਿਸ ਮਗਰੋਂ ਆਸਾਮੀਆਂ ਪ੍ਰਵਾਨ ਕਰ ਲਈਆਂ ਜਾਣਗੀਆਂ।

ਸਿਹਤ ਮੰਤਰੀ ਨੇ ਦੱਸਿਆ ਕਿ ਇਸ ਸੀ.ਐਚ.ਸੀ. ਦਾ ਕਵਰਡ ਏਰੀਆ 40 ਹਜ਼ਾਰ ਵਰਗ ਫੁੱਟ ਹੋਵੇਗਾ, ਜਿਸ ਉਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਉਨਾਂ ਦੱਸਿਆ ਕਿ ਇਸ ਕੰਮ ਵਿੱਚ ਫੌਰੀ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਕਿ ਕੋਵਿਡ-19 ਤੋਂ ਲੋਕਾਂ ਨੂੰ ਬਚਾਉਣ ਲਈ ਕੰਮ ਕੀਤਾ ਜਾਵੇ। ਸਿਹਤ ਤੇ ਸਿੱਖਿਆ ਨੂੰ ਸਰਕਾਰ ਦੇ ਤਰਜੀਹੀ ਖੇਤਰ ਦੱਸਦਿਆਂ ਉਨਾਂ ਕਿਹਾ ਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਸਰਕਾਰ ਦਾ ਪੂਰਾ ਧਿਆਨ ਲੋਕਾਂ ਦੀ ਸਿਹਤ ਸੰਭਾਲ ਤੇ ਸਿਹਤ ਸੰਭਾਲ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਵਧਾਉਣ ਉਤੇ ਲੱਗਿਆ ਹੋਇਆ ਹੈ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਕੈਬਨਿਟ ਨੇ ਵਿਭਾਗ ਵਿਚਲੀਆਂ ਤਕਰੀਬਨ 4000 ਹਜ਼ਾਰ ਆਸਾਮੀਆਂ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ ਤਕਰੀਬਨ 250 ਆਸਾਮੀਆਂ ਭਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਵਿੱਚ ਡਾਕਟਰਾਂ, ਲੈਬ ਟੈਕਨੀਸ਼ਅਨਾਂ ਸਮੇਤ ਹੋਰ ਟੈਕਨੀਕਲ ਆਸਾਮੀਆਂ ਹਨ, ਜਿਨਾਂ ਦੀ ਭਰਤੀ ਨਾਲ ਸਿਹਤ ਸੰਭਾਲ ਢਾਂਚਾ ਹੋਰ ਮਜ਼ਬੂਤ ਹੋਵੇਗਾ।

ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਜਸਪ੍ਰੀਤ ਸਿੰਘ ਗਿੱਲ, ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਨਰਾਇਣ ਸਿੰਘ ਸਿੱਧੂ, ਤਰਨਜੀਤ ਕੌਰ ਗਿੱਲ ਸਾਰੇ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਰਾਜਪੂਤ, ਨਛੱਤਰ ਸਿੰਘ, ਜਸਵੀਰ ਸਿੰਘ ਮਣਕੂ ਅਤੇ ਰਾਜਾ ਰਾਣੀ, ਸਾਰੇ ਸਾਬਕਾ ਕੌਂਸਲਰ,  ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਗੁਰਸਾਹਿਬ ਸਿੰਘ, ਜੀ.ਐਸ. ਰਿਆੜ, ਮਾਸਟਰ ਰਾਮ ਸਰੂਪ ਜੋਸ਼ੀ ਅਤੇ ਅਮਿਤ ਮਰਵਾਹਾ ਵੀ ਹਾਜ਼ਰ ਸਨ।

NO COMMENTS