*ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਤਹਿਤ ਕੀਤਾ ਜਾ ਰਿਹੈ ਜਾਗਰੂਕ*

0
6

ਮਾਨਸਾ 19 ਅਕਤੂਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ)
ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਡੇਂਗੂ ਦੀ ਰੋਕਥਾਮ ਅਤੇ ਬਚਾਅ ਬਾਰੇ ਜਾਗਰੂਕ ਕਰਨ ਲਈ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਮੱਛਰ ਦਿਨ ਦੀ ਰੌਸ਼ਨੀ ਵੇਲੇ ਕੱਟਦਾ ਹੈ, ਘਰਾਂ ਵਿੱਚ ਕਿਤੇ ਵੀ ਖੜ੍ਹੇ ਪਾਣੀ ਉੱਤੇ ਮੱਛਰ ਪੈਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀਆ ਡੇਂਗੂ ਦਿਵਸ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨਾ ਹੈ, ਬਰਸਾਤ ਦਾ ਮੌਸਮ ਸ਼ੁਰੂ ਹੋਣ ’ਤੇ ਡੇਂਗੂ ਬੁਖਾਰ ਦਾ ਫੈਲਾਅ ਵੱਧ ਜਾਂਦਾ ਹੈ ਇਸ ਲਈ ਸਾਨੂੰ ਬਰਸਾਤੀ ਮੌਸਮ ਵਿੱਚ ਆਪਣੇ ਆਲੇ ਦੁਆਲੇ ਅਤੇ ਘਰਾਂ ਵਿਚ ਕਿਤੇ ਵੀ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ, ਖ਼ਾਸਕਰ ਘਰਾਂ ਵਿੱਚ ਪਏ ਗਮਲੇ, ਖਾਲੀ ਬਰਤਨ, ਟਾਇਰ, ਛੱਤਾਂ ’ਤੇ ਪਏ ਟਾਇਰ ਜਾਂ ਖਾਲੀ ਬਰਤਨ ਆਦਿ ਵਿੱਚ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ। ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ ਕਰਕੇ ਹਰ ਸ਼ੁੱਕਰਵਾਰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮਹੀਨਾ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਡੇਂਗੂ ਦੇ ਕੇਸ ਸਭ ਤੋਂ ਜ਼ਿਆਦਾ ਆਉਂਦੇ ਹਨ। 2017  ਵਿੱਚ ਸਾਡੇ ਦੇਸ਼ ਵਿੱਚ ਡੇਂਗੂ ਦੇ ਸਭ ਤੋਂ ਜ਼ਿਆਦਾ ਕੇਸ ਪਾਏ ਗਏ। ਇਨਫੈਕਟਡ ਮੱਛਰ ਦੇ ਕੱਟਣ ਤੋਂ ਤਿੰਨ ਤੋਂ ਚੌਦਾਂ ਦਿਨਾਂ ਬਾਅਦ ਮਰੀਜ਼ ਨੂੰ ਲੱਛਣ ਦਿਖਾਈ ਦਿੰਦੇ ਹਨ ਅਤੇ ਸ਼ੁਰੂ ਦੇ ਚਾਰ ਤੋਂ ਪੰਜ ਦਿਨਾਂ ਵਿਚ ਇਨਫੈਕਟਡ ਮਰੀਜ਼ ਤੋਂ ਮੱਛਰ ਕੱਟ ਕੇ ਦੂਜਿਆਂ ਨੂੰ ਫੈਲਾਅ ਸਕਦਾ ਹੈ। ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰ ਵਿੱਚ ਦਰਦ, ਅੱਖਾਂ ਦਾ ਅੰਦਰ ਧਸਣਾ, ਜੀਅ ਕੱਚਾ ਹੋਣਾ, ਉਲਟੀ ਆਉਣਾ, ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨਾ ਆਦਿ ਹਨ।  ਇਸ ਦੇ ਬਚਾਅ ਲਈ ਸਾਨੂੰ ਐਂਟੀ ਮਾਸਕਿਟੋ ਕਰੀਮ ਅਤੇ ਮੱਛਰਦਾਨੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਕਿਸੇ ਨੂੰ ਬੁਖਾਰ ਹੁੰਦਾ ਹੈ ਤਾਂ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਤੁਰੰਤ ਟੈਸਟ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਡਾ.ਅਰਸ਼ਦੀਪ ਸਿੰਘ, ਸੰਤੋਖ ਭਾਰਤੀ ਜਿਲਾ ਐਪੀਡਮੈਲੋਜਿਸਟ, ਵਿਜੈ ਕੁਮਾਰ ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ,ਰਾਮ ਕੁਮਾਰ ਹੈਲਥ ਸੁਪਰਵਾਇਜਰ, ਸੰਜੀਵ ਕੁਮਾਰ ਹੈਲਥ ਸੁਪਰਵਾਈਜ਼ਰ, ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫ਼ਸਰ ਆਦਿ ਹਾਜਰ ਸਨ।

NO COMMENTS