*ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ ਵਿਰਾਸਤੀ ਜੰਗਲ-ਡਿਪਟੀ ਕਮਿਸ਼ਨਰ*

0
10

ਮਾਨਸਾ, 19 ਸਤੰਬਰ:(ਸਾਰਾ ਯਹਾਂ/ਬੀਰਬਲ ਧਾਲੀਵਾਲ)
ਜ਼ਿਲ੍ਹੇ ਅੰਦਰ ਜੰਗਲ ਅਧੀਨ ਰਕਬਾ ਕਾਫੀ ਘੱਟ ਹੈ ਅਤੇ ਜੋ ਇੱਥੇ ਸ਼ਾਮਲਾਟ ਅਤੇ ਸਾਂਝੀਆਂ ਥਾਵਾਂ ਉਪਲਬੱਧ ਹਨ, ਉੱਥੇ ਪਹਾੜੀ ਕਿੱਕਰਾਂ ਉੱਗਣ ਕਾਰਨ ਪੌਦੇ ਲਗਾਏ ਨਹੀਂ ਜਾ ਸਕਦੇ ਸਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਇਕ ਊਦਮ ਕੀਤਾ ਗਿਆ ਹੈ, ਜਿਸ ਤਹਿਤ ਗ੍ਰਾਮ ਪੰਚਾਇਤਾਂ ਦੀਆਂ ਸ਼ਾਮਲਾਟ ਜਮੀਨਾਂ ਉੱਪਰ ਪੌਦੇ ਲਗਾਏ ਜਾਣਗੇ।


ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਇਹ ਪੌਦੇ ਪਹਾੜੀ ਕਿੱਕਰਾਂ ਨੂੰ ਸਾਫ ਕਰਨ ਉਪਰੰਤ ਜਮੀਨਾਂ ਵਿੱਚ ਵਿਰਾਸਤੀ ਜੰਗਲ ਦੇ ਰੂਪ ਵਿੱਚ ਰਾਊਂਡਗਲਾਸ ਫਾਊਂਡੇਸ਼ਨ ਅਤੇ ਮਗਨਰੇਗਾ ਸਕੀਮ ਅਧੀਨ ਲਗਾਏ ਜਾਣਗੇ ਅਤੇ ਇੰਨ੍ਹਾਂ ਦੀ ਸਾਂਭ ਸੰਭਾਲ ਵੀ ਮਗਨਰੇਗਾ ਸਕੀਮ ਅਧੀਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੇਜ਼ ਇੱਕ ਤਹਿਤ 100 ਏਕੜ ਰਕਬੇ ਦੀ ਚੋਣ ਕੀਤੀ ਗਈ ਹੈ, ਜਿਸ ਵਿੱਚ ਪੌਦੇ ਲਗਾਉਣ ਉਪਰੰਤ ਅਗਲੇ 100 ਏਕੜ ਰਕਬੇ ਦੀ ਚੋਣ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪਿੰਡ ਧਲੇਵਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਨੇ ਪਿੰਡ ਰੱਲਾ ਵਿਖੇ ਪੌਦਾ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਰੱਲਾ ਦੀ ਲਗਭਗ 10 ਏਕੜ ਜਗ੍ਹਾ ਨੂੰ ਜੰਗਲ ਅਧੀਨ ਲਿਆਂਦਾ ਜਾਵੇਗਾ, ਜਿੱਥੇ ਜਿਲ੍ਹਾ ਮਾਨਸਾ ਦੀ ਜ਼ਮੀਨ ਅਤੇ ਪਾਣੀ ਨੂੰ ਧਿਆਨ ਵਿੱਚ ਰੱਖ ਕੇ ਪੌਦੇ ਲਗਾਏ ਜਾਣਗੇ। ਉਨ੍ਹਾਂ ਜ਼ਿਲ੍ਹੇ ਦੀਆਂ ਪੰਚਾਇਤਾਂ, ਐਨ.ਜੀ.ਓ. ਅਤੇ ਮੋਹਤਬਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ (ਜਿਵੇਂ ਕਿ ਜੇ.ਸੀ.ਬੀ., ਪਿੱਟ ਡਿੱਗਰ ਅਤੇ ਟਰੈਕਟਰ ਲਈ ਤੇਲ) ਦਿੱਤਾ ਜਾਵੇ ਤਾਂ ਜੋ ਪਹਾੜੀ ਕਿੱਕਰਾਂ ਨੂੰ ਸਾਫ ਕਰਕੇ ਪੌਦੇ ਲਗਾਏ ਜਾ ਸਕਣ ਅਤੇ ਮਗਨਰੇਗਾ ਲੇਬਰ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।


ਇਸ ਮੌਕੇ ਬੀ.ਡੀ.ਪੀ.ਓ. ਭੀਖੀ ਤੇਜਿੰਦਰ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਮਗਨਰੇਗਾ ਮਨਦੀਪ ਸਿੰਘ, ਏ.ਪੀ.ਓ. ਮਗਨਰੇਗਾ ਵਨੀਤ ਕੁਮਾਰ, ਟੀ.ਏ. ਕੁਲਦੀਪ ਸਿੰਘ ਅਤੇ ਉਮੇਸ਼ ਕੁਮਾਰ ਹਾਜ਼ਰ ਸਨ।

NO COMMENTS