*ਜ਼ਿਲ੍ਹੇ ਦੇ 16 ਪਿੰਡਾਂ ਵਿਚ ਮੋਬਾਇਲ ਵੈਨ ਚਲਾ ਕੇ ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ ਬਾਰੇ ਜਾਗਰੂਕ ਕੀਤਾ*

0
8

ਮਾਨਸਾ, 10 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ )
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ—ਨਿਰਦੇਸ਼ਾਂ ’ਤੇ ਕਿਸਾਨਾਂ  ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਵੱਖ—ਵੱਖ ਪਿੰਡਾਂ ਵਿੱਚ ਅਧਿਕਾਰੀਆਂ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਬਲਾਕ ਸਰਦੂਲਗੜ੍ਹ ਦੇ ਪਿੰਡ ਕਰੰਡੀ, ਸੰਘਾ, ਰਾਜਰਾਣਾ, ਮਾਨਖੇੜਾ ਅਤੇ ਨਾਹਰਾਂ ਵਿੱਚ ਡਾ.ਮਨੋਜ਼ ਕੁਮਾਰ, ਖੇਤੀਬਾੜੀ ਅਫਸਰ ਦੀ ਰਹਿਨੁਮਾਈ ਹੇਠ ਲਗਾਏ ਕਿਸਾਨ ਸਿਖਲਾਈ ਕੈਂਪਾਂ ਵਿੱਚ ਅਧਿਕਾਰੀਆਂ ਵੱਲੋਂ ਜਿੱਥੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਉੱਥੇ ਪਰਾਲੀ ਖੇਤ ਵਿੱਚ ਮਿਲਾਉਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਿੰਦਰਜੀਤ ਸਿੰਘ, ਨੇ ਦੱਸਿਆ ਕਿ ਕਿਸਾਨ ਸਿਖਲਾਈ ਕੈਂਪਾਂ ਰਾਂਹੀ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਵਿਭਾਗ ਵੱਲੋਂ ਹੁਣ ਤੱਕ 16 ਪਿੰਡਾਂ ਵਿੱਚ ਮੋਬਾਇਲ ਵੈਨ ਚਲਾ ਕੇ ਪ੍ਰਚਾਰ ਕੀਤਾ ਗਿਆ ਅਤੇ ਇਹ ਪ੍ਰਚਾਰ 15 ਅਕਤੂਬਰ 2023 ਤੱਕ ਨਿੰਰਤਰ ਜਾਰੀ ਰਹੇਗਾ। ਖੇਤੀਬਾੜੀ ਵਿਕਾਸ ਅਫਸਰ ਡਾ.ਅਮਨ ਸੁਲੇਖ ਕੁਮਾਰ ਮਹਿਲਾਂ ਵੱਲੋਂ ਸਿਖਲਾਈ ਕੈਂਪਾਂ ਦੌਰਾਨ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਾਲੀ ਪ੍ਰਬੰਧਨ ਦੇ ਬਹੁਤ ਸਾਰੇ ਕਾਰਗਾਰ ਤਰੀਕੇ ਅਤੇ ਲੋੜ ਅਨੁਸਾਰ ਮਸ਼ੀਨਰੀ ਵੀ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਕਰਦੇ ਹਨ ਤਾਂ ਇਸ ਤੋਂ ਮੁਨਾਫਾਕਮਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਪਰਾਲੀ ਦਾ ਪ੍ਰਬੰਧਨ ਨਵੀਂ ਵਿਕਸਤ ਮਸ਼ੀਨਰੀ ਜਿਵੇਂ ਕਿ ਪੀ.ਏ.ਯੂ ਸਰਫੇਸ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਆਦਿ ਮਸ਼ੀਨਾ ਨਾਲ ਕਰਨ ਦੀ ਅਪੀਲ ਕੀਤੀ
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਵੀਰ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਚਲਾਈ ਗਈ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ, ਕਿਸਾਨ ਗੁਰੱਪਾਂ ਅਤੇ ਨਿੱਜੀ ਕਿਸਾਨਾਂ ਪਾਸ ਮੌਜੂਦ ਮਸ਼ੀਨਰੀ ਨਾਲ ਪਰਾਲੀ ਦਾ ਸਚੁੱਜਾ ਪ੍ਰਬੰਧਨ ਕਰਨ। ਇਨ੍ਹਾਂ ਕੈਂਪਾਂ ਵਿੱਚ ਫੀਲਡ ਨੋਡਲ ਅਫਸਰ, ਸੁਪਰਵਾਈਜਰ, ਕਿਸਾਨ ਮਿੱਤਰ ਅਤੇ ਪਿੰਡਾਂ ਦੇ ਮੋਹਤਵਾਰ ਕਿਸਾਨ ਹਾਜਰ ਸਨ।

NO COMMENTS