*ਜ਼ਿਲ੍ਹੇ ਦੀਆਂ ਸੜਕਾਂ ’ਤੇ ਤਕਰੀਬਨ 40 ਹੈਕਟੇਅਰ ਏਰੀਏ ਵਿਚ 20 ਹਜ਼ਾਰ ਪੌਦੇ ਲਗਾਉਣ ਦਾ ਟੀਚਾ-ਵਧੀਕ ਡਿਪਟੀ ਕਮਿਸ਼ਨਰ*

0
19


ਮਾਨਸਾ, 20 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ ):
ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਅਤੇ ਪਿੰਡਾਂ ਦੀਆਂ ਸੜਕਾਂ ਦੇ ਨਾਲ ਹਰਿਆਲੀ ਵਧਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਬੈਂਬੀ ਵੱਲੋਂ ਪਿੰਡ ਮੂਸਾ ਤੋਂ ਮਾਨਬੀਬੜੀਆਂ ਸੜਕ ਤੋਂ ਰੋਡਸਾਈਡ ਪਲਾਂਟੇਸ਼ਨ ਦੀ ਸ਼ੁਰੂਆਤ ਕੀਤੀ ਗਈ।


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰੋਡਸਾਈਡ ਪਲਾਂਟੇਸ਼ਨ ਜੰਗਲਾਤ ਵਿਭਾਗ ਵੱਲੋਂ ਕਰਵਾਈ ਜਾ ਰਹੀ ਹੈ ਅਤੇ ਇਸ ਪਲਾਂਟੇਸ਼ਨ ਲਈ ਮਗਨਰੇਗਾ ਸਕੀਮ ਅਧੀਨ ਲੇਬਰ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਦੀਆਂ ਸੜਕਾਂ ਪਿੰਡ ਮੂਸਾ ਤੋਂ ਸੱਦਾ ਸਿੰਘ ਵਾਲਾ, ਮੂਸਾ ਤੋਂ ਮਾਨਬੀਬੜੀਆਂ, ਉਡਤ ਭਗਤ ਰਾਮ ਤੋਂ ਮੌਜੀਆਂ, ਉਡਤ ਭਗਤ ਰਾਮ ਤੋਂ ਛਾਪਿਆਂਵਾਲੀ, ਮੱਤੀ ਤੋਂ ਕੋਟੜਾ, ਖੀਵਾ ਖੁਰਦ ਤੋਂ ਗੁਰਥੜੀ, ਜੋਗਾ ਤੋਂ ਅਕਲੀਆ, ਭੁਪਾਲ ਕਲਾਂ ਤੋਂ ਮਲਕਪੁਰ ਖਿਆਲਾ, ਖਿਆਲਾ ਤੋਂ ਕੋਟ ਲੱਲੂ, ਬੁਰਜ ਰਾਠੀ ਤੋਂ ਉੱਭਾ ਅਤੇ ਬੁਰਜ ਢਿਲਵਾਂ ਤੋਂ ਖੜਕ ਸਿੰਘ ਵਾਲਾ ਉੱਪਰ ਤਕਰੀਬਨ 40 ਹੈਕਟੇਅਰ ਏਰੀਏ ਵਿੱਚ ਲਗਭਗ 20,000 ਪੌਦੇ ਲਗਾਏ ਜਾਣਗੇ।


ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਹੋਰ ਵੱਖ—ਵੱਖ 8 ਸੜਕਾਂ ਦੀ ਚੋਣ ਪਲਾਂਟੇਸ਼ਨ ਲਈ ਕੀਤੀ ਗਈ ਹੈ, ਜਿਸ ਉੱਪਰ ਕੰਮ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਡ ਸਾਈਡ ਪਲਾਂਟੇਸ਼ਨ ਨਾਲ ਜਿੱਥੇ ਜ਼ਿਲ੍ਹੇ ਵਿੱਚ ਹਰਿਆਲੀ ਦਾ ਵਾਧਾ ਹੋਵੇਗਾ, ਉੱਥੇ ਹੀ ਮਗਨਰੇਗਾ ਲੇਬਰ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਇਸ ਦੀ ਮੇਨਟੇਨੈਂਸ ਵੀ ਮਗਨਰੇਗਾ ਸਕੀਮ ਅਧੀਨ ਕੀਤੀ ਜਾਵੇਗੀ।


ਇਸ ਮੌਕੇ ਉੱਪ ਮੁੱਖ ਕਾਰਜਕਾਰੀ ਅਫਸਰ ਸ੍ਰੀ ਮਨਮੋਹਨ ਸਿੰਘ, ਜ਼ਿਲ੍ਹਾ ਨੋਡਲ ਅਫਸਰ ਸ੍ਰੀ ਮਨਦੀਪ ਸਿੰਘ, ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਾਨਸਾ ਸ੍ਰੀ ਸੁਖਵਿੰਦਰ ਸਿੰਘ, ਸ੍ਰੀ ਅਭੀ ਸਿੰਗਲਾ, ਤਕਨੀਕੀ ਸਹਾਇਕ  ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਮੌਜੂਦ ਸਨ। 

NO COMMENTS