ਮਾਨਸਾ, 07 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ)) : ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਸ਼੍ਰੀ ਗੁਰਪਾਲ ਸਿੰਘ ਨੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਮਾਨਸਾ ਅੰਦਰ ਪੈਂਦੇ ਕਾਟਨ ਯਾਰਡ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਸੀ.ਸੀ.ਆਈ. ਵੱਲੋਂ ਨਰਮੇ ਦੀ ਖਰੀਦ ਲਈ ਛੋਟ ਦੇਣ ਦਾ ਹੁਕਮ ਜਾਰੀ ਕੀਤਾ ਹੈ।
ਹੁਕਮ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਚਹਿਲ ਨੇ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਹੋਈਆਂ ਹਦਾਇਤਾਂ ਦੇ ਪਾਲਣ ਅਧੀਨ ਇਹ ਵੀ ਹੁਕਮ ਕੀਤਾ ਜਾਂਦਾ ਹੈ ਕਿ ਲੇਬਰ ਆਪਸ ਵਿੱਚ ਘੱਟ ਤੋਂ ਘੱਟ 1.5 ਤੋਂ 2.00 ਮੀਟਰ ਦੀ ਸਮਾਜਿਕ ਦੂਰੀ ਬਣਾਕੇ ਰੱਖਣਗੇ। ਕਿਸੇ ਵੀ ਹਾਲਤ ਵਿੱਚ ਕੰਮ ਨੂੰ ਕਰਨ ਸਮੇਂ 10 ਤੋਂ ਜ਼ਿਆਦਾ ਵਿਅਕਤੀਆਂ ਦੀ ਲੇਬਰ ਇੱਕਠੀ ਨਹੀਂ ਹੋਣ ਦਿੱਤੀ ਜਾਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਾਟਨ ਯਾਰਡ ਵਿੱਚ ਬੋਲੀ ਕਰਵਾਉਣ ਸਮੇਂ ਯਾਰਡਾਂ ਵਿੱਚ ਹੋਣ ਵਾਲੀ ਪ੍ਰਕ੍ਰਿਆ ਤਹਿਤ ਸਬੰਧਤ ਬੋਲੀ ਲੇਖਕ ਜਾਂ ਮੰਡੀ ਸੁਪਰਵਾਈਜ਼ਰ ਇਸ ਬਾਰੇ ਸਮੂਹ ਹਾਜ਼ਰੀਨ ਬੋਲੀਕਾਰਾਂ ਨੂੰ ਅਤੇ ਲੇਬਰ ਨੂੰ ਜਾਣੂ ਕਰਵਾਏਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਹੁਕਮ ਕੀਤਾ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਫਸਲ ਮੰਡੀ ਵਿੱਚ ਲਿਆਉਣ, ਨਰਮੇ ਦੀਆਂ ਟਰਾਲੀਆਂ ਨੂੰ ਬੋਲੀ ਉਪਰੰਤ ਵੱਖ-ਵੱਖ ਫੈਕਟਰੀਆਂ ਵਿੱਚ ਭੇਜਣ, ਫੈਕਟਰੀ ਮਾਲਕਾਂ, ਮਜ਼ਦੂਰਾਂ ਵੱਲੋਂ ਫੈਕਟਰੀ ਵਿੱਚੋਂ ਗੱਠਾਂ ਨੂੰ ਸੀ.ਸੀ.ਆਈ. ਦੇ ਗੁਦਾਮ ਤੱਕ ਲੈ ਕੇ ਜਾਣ ਅਤੇ ਬੜੇਵਿਆਂ ਨੂੰ ਤੇਲ ਮਿੱਲਾਂ ਆਦਿ ਤੱਕ ਲੈ ਕੇ ਜਾਣ ਲਈ ਮੰਡੀ ਅਫ਼ਸਰ ਮਾਨਸਾ ਵੱਲੋਂ ਪਾਸ ਜਾਰੀ ਕਰਨੇ ਯਕੀਨੀ ਬਣਾਏ ਜਾਣਗੇ।
ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਕਾਟਨ ਯਾਰਡਾਂ ਵਿੱਚ ਕਿਸਾਨਾਂ ਦੀ ਗਿਣਤੀ ਸਬੰਧੀ ਵੱਖ-ਵੱਖ ਮੰਡੀਆਂ ਲਈ ਸ਼ੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਜ਼ਿਲ੍ਹਾ ਮੰਡੀ ਅਫ਼ਸਰ ਵੱਲੋਂ ਇਹ ਸਾਰੇ ਪਾਸ ਲਾਫ਼-ਲਾਈਨ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾਂ ਕਰਨ ‘ਤੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।