ਜ਼ਿਲ੍ਹਾ ਮਾਨਸਾ ਮੈਜਿਸਟ੍ਰੇਟ ਨੇ ਕੀਤੇ ਪਾਬੰਦੀ ਦੇ ਹੁਕਮ ਜਾਰੀ..!!

0
630

*ਹਫ਼ਤੇ ਦੇ ਸੱਤ ਦਿਨ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਨਾਈਟ ਕਰਫਿਊ

*4 ਪਹੀਆ ਵਾਹਨ ‘ਤੇ ਡਰਾਇਵਰ ਸਮੇਤ ਸਿਰਫ਼ 3 ਸਵਾਰੀਆਂ ਹੀ ਕਰ ਸਕਣਗੀਆਂ ਸਫ਼ਰ

ਮਾਨਸਾ, 01 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ) : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਅਨਲਾੱਕ 4 ਤਹਿਤ 30 ਸਤੰਬਰ 2020 ਤੱਕ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਰ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਜ਼ਿਲ੍ਹੇ ਅੰਦਰ ਵੀਕੈਂਡ ਕਰਫਿਊ ਰਹੇਗਾ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਫ਼ਤੇ ਦੇ ਸੱਤੇ ਦਿਨ ਸ਼ਾਮ 7 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਰਾਤ ਦਾ ਕਰਫਿਊ ਹੋਵੇਗਾ ਅਤੇ ਇਸ ਦੌਰਾਨ ਗੈਰ ਜ਼ਰੂਰੀ ਗਤੀਵਿਧੀਆਂ ਪੂਰਣ ਤੌਰ ‘ਤੇ ਬੰਦ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਜਿਵੇਂ ਨੈਸ਼ਨਲ ਅਤੇ ਸਟੇਟ ਹਾਈਵੇ ‘ਤੇ ਲੋਕਾਂ ਅਤੇ ਵਸਤਾਂ ਦੀ ਆਵਾਜਾਈ, ਅੰਤਰਰਾਜ਼ੀ ਅਤੇ ਰਾਜ ਦੇ ਅੰਦਰ ਵਿਅਕਤੀਆਂ ਅਤੇ ਜ਼ਰੂਰੀ ਵਸਤਾਂ ਸਬੰਧੀ ਆਵਾਜਾਈ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਸਾਂ, ਟਰੇਨਾਂ ਅਤੇ ਹਵਾਈ ਸਫ਼ਰ ਕਰਨ ਵਾਲੇ ਵਿਅਕਤੀਆਂ ਨੂੰ ਯਾਤਰਾ ਸਬੰਧੀ ਪ੍ਰਵਾਨਗੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਜਿਵੇਂ ਸਿਹਤ, ਖੇਤੀਬਾੜੀ ਅਤੇ ਸਬੰਧਤ ਗਤੀਵਿਧੀਆਂ, ਡੇਅਰੀ ਅਤੇ ਮੱਛੀ ਪਾਲਣ ਗਤੀਵਿਧੀਆਂ, ਬੈਂਕ, ਏ.ਟੀ.ਐਮ., ਸਟਾਕ ਮਾਰਕਿਟ, ਬੀਮਾ ਕੰਪਨੀਆਂ, ਆਨ-ਲਾਈਨ ਅਧਿਆਪਣ, ਪਬਲਿਕ ਯੂਟੀਲੀਟਿਜ਼, ਪਬਲਿਕ ਟਰਾਂਸਪੋਰਟ ਇੰਡਸਟਰੀ ਵੱਖ-ਵੱਖ ਸ਼ਿਫਟਾਂ ‘ਚ, ਉਸਾਰੀ ਇੰਡਸਟਰੀ, ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰ, ਮੀਡੀਆ ਨੂੰ ਪ੍ਰਵਾਨਗੀ ਹੋਵੇਗੀ।ਇਸ ਤੋਂ ਇਲਾਵਾ ਯੁਨੀਵਰਸਿਟੀਆਂ, ਬੋਰਡਾਂ, ਪਬਲਿਕ ਸਰਵਿਸ ਕਮਿਸ਼ਨਾਂ ਅਤੇ ਹੋਰ ਅਦਾਰਿਆਂ ਵੱਲੋਂ ਲਏ ਜਾਣ ਵਾਲੇ ਲੋਕਾਂ ਅਤੇ ਵਿਦਿਆਰਥੀਆਂ ਦੀ ਪ੍ਰੀਖਿਆ, ਦਾਖਲਾ ਟੈਸਟਾਂ ਸਬੰਧੀ ਆਵਾਜਾਈ ਨੂੰ ਵੀ ਪ੍ਰਵਾਨਗੀ ਹੋਵੇਗੀ।
ਉਨ੍ਹਾਂ ਦੱਸਿਆ ਕਿ ਦੁਕਾਨਾਂ ਅਤੇ ਮਾਲਜ਼ ਸੋਮਵਾਰ ਤੋਂ ਸ਼ੁਕਰਵਾਰ ਤੱਕ ਸ਼ਾਮ ਦੇ 6.30 ਵਜੇ ਤੱਕ ਖੁੱਲ੍ਹਣਗੇ ਅਤੇ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਬੰਦ ਰਹਿਣਗੇ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ, ਧਾਰਮਿਕ ਅਸਥਾਨ, ਖੇਡ ਕੰਪਲੈਕਸ, ਸਟੇਡੀਅਮ ਅਤੇ ਪਬਲਿਕ ਕੰਪਲੈਕਸ, ਰੈਸਟੋਰੈਂਟਸ, ਮਾਲਜ਼ ਵਿੱਚ ਹੋਟਲਜ਼, ਸ਼ਰਾਬ ਦੇ ਠੇਕੇ ਹਫ਼ਤੇ ਦੇ ਸੱਤ ਦਿਨ ਸ਼ਾਮ 6.30 ਤੱਕ ਖੁਲ੍ਹੇ ਰਹਿਣਗੇ।ਉਨ੍ਹਾਂ ਦੱਸਿਆ ਕਿ ਹੋਟਲਜ਼ ਖੁੱਲ੍ਹੇ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਚਾਰ ਪਹੀਆ ਵਾਹਨ ‘ਤੇ ਸਿਰਫ਼ 3 ਸਵਾਰੀਆਂ ਸਮੇਤ ਡਰਾਇਵਰ ਹੀ ਸਫ਼ਰ ਕਰ ਸਕਦੇ ਹਨ।ਇਸ ਤੋਂ ਇਲਾਵਾ ਬੱਸਾਂ ਅਤੇ ਪਬਲਿਕ ਟਰਾਂਪੋਰਟ ਵਾਹਨਾਂ ਵਿੱਚ ਸਮਰੱਥਾ ਨਾਲੋਂ 50 ਫੀਸਦੀ ਘੱਟ ਸਵਾਰੀਆਂ ਹੀ ਸਫ਼ਰ ਕਰ ਸਕਦੀਆਂ ਹਨ ਅਤੇ ਕੋਈ ਵੀ ਵਿਅਕਤੀ ਖੜ੍ਹਾ ਨਹੀਂ ਰਹੇਗਾ।ਉਨ੍ਹਾਂ ਦੱਸਿਆ ਕਿ ਅਧੀਨ ਧਾਰਾ 144 ਤਹਿਤ ਹਰ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ, ਧਾਰਮਿਕ ਇੱਕਠ, ਧਰਨਿਆਂ ਅਤੇ ਮੁਜ਼ਾਹਰਿਆਂ ‘ਤੇ ਮੁਕੰਮਲ ਪਾਬੰਦੀ ਹੋਵੇਗੀ।ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ ਲਈ 30 ਵਿਅਕਤੀ ਅਤੇ ਭੋਗ-ਸੰਸਕਾਰ ਮੌਕੇ 20 ਵਿਅਕਤੀਆਂ ਦੇ ਇੱਕਠ ਦੀ ਹੀ ਮੰਨਜ਼ੂਰੀ ਹੈ।
ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰ ਵਿੱਚ 50 ਫੀਸਦੀ ਸਟਾਫ਼ ਹੀ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਆਖਿਰ ਤੱਕ ਹਰ ਰੋਜ਼ 50 ਫੀਸਦੀ ਕਰਮਚਾਰੀ ਹੀ ਦਫ਼ਤਰੀ ਕੰਮ ਕਾਜ ਕਰਨਗੇ। ਉਨ੍ਹਾਂ ਨਾਲ ਹੀ ਕਿਹਾ ਕਿ ਦਫ਼ਤਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਆਨ-ਲਾਈਨ ਪ੍ਰਣਾਲੀ ਰਾਹੀਂ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਇੱਕ ਵਿਅਕਤੀ ਕਿਸੇ ਦੂਜੇ ਵਿਅਕਤੀ ਦੇ ਸੰਪਰਕ ਵਿੱਚ ਨਾ ਆ ਸਕੇ। ਉਨ੍ਹਾਂ ਦੱਸਿਆ ਕਿ ਇਹ ਹਦਾਇਤਾਂ ਸ਼ਹਿਰੀ ਖੇਤਰਾਂ ‘ਤੇ ਲਾਗੂ ਹੋਣਗੀਆਂ। ਉਪਰੋਕਤ ਹੁਕਮ 30 ਸਤੰਬਰ ਤੱਕ ਲਾਗੂ ਰਹਿਣਗੇ।

NO COMMENTS