ਜ਼ਿਲ੍ਹਾ ਮਾਨਸਾ ਮੈਜਿਸਟ੍ਰੇਟ ਨੇ ਕੀਤਾ ਪਾਬੰਦੀ ਦਾ ਹੁਕਮ

0
314

ਮਾਨਸਾ, 23 ਸਤੰਬਰ  (ਸਾਰਾ ਯਹਾ / ਮੁੱਖ ਸੰਪਾਦਕ): ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਵਿੱਚ ਰਾਤ ਸਮੇਂ 7 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਕੰਬਾਈਨਾਂ ਚਲਾਉਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੋਈ ਵੀ ਕੰਬਾਈਨ ‘ਕੰਬਾਇਨ ਹਾਰਵੈਸਟਰ ਸੁਪਰ ਐਸ.ਐਮ.ਐਸ.’ ਲਗਾਏ ਬਿਨ੍ਹਾਂ ਨਹੀਂ ਚਲਾਈ ਜਾਵੇਗੀ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਝੋਨਾ (ਜੀਰੀ) ਸੀਜ਼ਨ 2020-21 ਦੀ ਫਸਲ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਝੋਨਾ (ਜੀਰੀ) ਦੀ ਫਸਲ ਦੀ ਕਟਾਈ ਆਮ ਤੌਰ ’ਤੇ ਕਿਸਾਨਾਂ ਵੱਲੋਂ ਕੰਬਾਈਨਾਂ ਨਾਲ ਕਰਵਾਈ ਜਾਂਦੀ ਹੈ। ਫਸਲ ਦੀ ਕਟਾਈ ਵਾਸਤੇ ਦਿਨ ਰਾਤ ਕੰਬਾਈਨਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਰਾਤ ਦਾ ਹਨੇਰਾ ਹੋਣ ਕਾਰਨ ਕੰਬਾਈਨਾਂ ਅਚਾਨਕ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਜਾਂਦੀਆਂ ਹਨ ਤੇ ਸ਼ਾਰਟ ਸਰਕਟ ਹੋਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਇਸ ਲਈ ਆਮ ਪਬਲਿਕ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਰਾਤ ਸਮੇਂ ਕੰਬਾਈਨਾਂ ਚਲਾਉਣ ’ਤੇ ਪਾਬੰਦੀ ਲਗਾਈ ਜਾਣੀ ਜ਼ਰੂਰੀ ਸਮਝੀ ਜਾਂਦੀ ਹੈ। ਉਪਰੋਕਤ ਹੁਕਮ 27 ਨਵੰਬਰ 2020 ਤੱਕ ਲਾਗੂ ਰਹੇਗਾ

NO COMMENTS