ਜ਼ਿਲ੍ਹਾ ਮਾਨਸਾ ਦੇ 34 ਸਰਕਾਰੀ ਸਮਾਰਟ ਸਕੂਲ ਆਨਲਾਈਨ ਪ੍ਰਣਾਲੀ ਰਾਹੀਂ ਲੋਕ ਅਰਪਣ : ਨਾਜਰ ਸਿੰਘ ਮਾਨਸਾਹੀਆ

0
63

ਮਾਨਸਾ, 7 ਨਵੰਬਰ  (ਸਾਰਾ ਯਹਾ / ਮੁੱਖ ਸੰਪਾਦਕ): ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਬਿਹਤਰ ਬਣਾਉਣ ਦੇ ਇੱਕ ਅਹਿਮ ਉਪਰਾਲੇ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਮਾਨਸਾ ਦੇ 34 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਆਨਲਾਈਨ ਪ੍ਰਣਾਲੀ ਰਾਹੀਂ ਲੋਕ ਅਰਪਣ ਕੀਤਾ ਗਿਆ। ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਆਯੋਜਿਤ ਵਰਚੂਅਲ ਵੀਡੀਓ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਨੇ ਦੱਸਿਆ ਕਿ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਕਰੀਬ 1500 ਸਰਕਾਰੀ ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕੀਤਾ ਹੈ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਡਿਜ਼ੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਟੈਬਲੇਟਾਂ ਦੀ ਵੰਡ ਕੀਤੀ ਹੈ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ ਹਨ ਤਾਂ ਕਿ ਵਿਦਿਆਰਥੀ ਸਮੇਂ ਦੇ ਹਾਣੀ ਬਣ ਕੇ ਭਵਿੱਖ ਦੀਆਂ ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰ ਸਕਣ। ਵਿਧਾਇਕ ਸ. ਮਾਨਸਾਹੀਆ ਨੇ ਕਿਹਾ ਕਿ ਸਮਾਰਟ ਸਕੂਲਾਂ ਵਿੱਚ ਅਜੋਕੇ

ਆਧੁਨਿਕ ਯੁੱਗ ਦੀ ਲੋੜ ਮੁਤਾਬਕ ਲੋੜੀਂਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਮੁਖੀਆਂ ਤੇ ਸਕੂਲ ਪ੍ਰਬੰਧਕੀ ਕਮੇਟੀਆਂ ਦੇ ਲਗਾਤਾਰ ਸਾਰਥਕ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਪੂਰੀ ਤਰ੍ਹਾਂ ਸੰਵਰ ਗਈ ਹੈ ਅਤੇ ਸਾਡੇ ਬੱਚੇ ਵੀ ਹਰੇਕ ਪ੍ਰੀਖਿਆ ਵਿੱਚ ਮਾਣਯੋਗ ਪ੍ਰਾਪਤੀਆਂ ਹਾਸਲ ਕਰਨ ਦੇ ਸਮਰੱਥ ਬਣ ਸਕੇ ਹਨ। ਵਿਧਾਇਕ ਨੇ ਕਿਹਾ ਕਿ ਇਹ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਜਿਥੇ ਪੰਜਾਬ ਸਰਕਾਰ ਨੇ ਵਿਦਿਆਰਥੀ ਵਰਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਲੋੜ ਮਹਿਸੂਸ ਕਰਦਿਆਂ ਹਰੇਕ ਬਿਹਰਤੀਨ ਸੁਵਿਧਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਉਥੇ ਵਿਦਿਆਰਥੀਆਂ ਨੇ ਵੀ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਕੇ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਦਾ ਆਗਾਜ਼ ਵੀ ਕੀਤਾ ਗਿਆ ਹੈ ਅਤੇ ਕੋਵਿਡ ਦੇ ਮੌਜੂਦਾ ਸਮੇਂ ਵਿੱਚ ਆਨਲਾਈਨ ਸਿੱਖਿਆ ਪ੍ਰਣਾਲੀ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇੱਕ ਵਾਰ ਫਿਰ ਸਾਲਾਨਾ

ਪ੍ਰੀਖਿਆਵਾਂ ਵਿੱਚ ਵਧੀਆ ਨਤੀਜੇ ਹਾਸਲ ਕਰਨਗੇ।  ਵਿਧਾਇਕ ਨੇ ਦੱਸਿਆ ਕਿ ਦਲੇਲ ਸਿੰਘ ਵਾਲਾ, ਭੈਣੀ ਬਾਘਾ, ਜੋਗਾ, ਫੱਤਾ ਮਾਲੋਕਾ ਸਮੇਤ 34 ਸਮਾਰਟ ਸਕੂਲਾਂ ਨੂੰ ਆਨਲਾਈਨ ਸਿਸਟਮ ਤਹਿਤ ਲੋਕ ਅਰਪਣ ਕੀਤਾ ਗਿਆ ਹੈ। ਉਨ੍ਹਾਂ ਇਸ ਦੌਰਾਨ ਜ਼ਿਲ੍ਹੇ ਦੇ 9 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ 63 ਟੈਬਲੇਟ ਦੀ ਵੀ ਰਸਮੀ ਤੌਰ ’ਤੇ ਵੰਡ ਕੀਤੀ। ਵਿਧਾਇਕ ਨੇ ਕਿਹਾ ਕਿ ਸਕੂਲਾਂ ਦੀ ਨੁਹਾਰ ਬਦਲਣ ਲਈ ਅਧਿਆਪਕ ਵੀ ਵਧਾਈ ਦੇ ਪਾਤਰ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।  ਸਮਾਰਟ ਸਕੂਲਾਂ ਨੂੰ ਲੋਕ ਅਰਪਣ ਕਰਨ ਅਤੇ ਪੰਜਾਬੀ ਸਪਤਾਹ ਦੀ ਸਮਾਪਤੀ ਸਬੰਧੀ ਆਨਲਾਈਨ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਲ੍ਹੇ ਦੇ ਵੱਖ ਵੱਖ 34 ਸਕੂਲਾਂ ‘ਚ ਸਥਾਪਤ ਆਨਲਾਈਨ ਕੇਂਦਰਾਂ ਰਾਹੀਂ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ, ਪੰਚਾਇਤੀ ਤੇ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਵੀ ਸੰਬੋਧਨ ਕੀਤਾ। ਜਿਲ੍ਹਾ ਸਿੱਖਿਆ ਅਫਸਰਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ, ਪੜ੍ਹਾਈ ‘ਚ ਆਈ ਗੁਣਵੱਤਾ ਤੇ ਹੋਰਨਾਂ ਪ੍ਰਾਪਤੀਆਂ ਸਬੰਧੀ ਸਕੂਲ ਮੁਖੀਆਂ, ਪੰਚਾਇਤੀ ਤੇ ਸਕੂਲ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ  ਰਚਾਏ ਸੰਵਾਦ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਸੁਧਾਰ ਵਿੱਚ ਹੋਰ ਇਨਕਲਾਬੀ ਤਬਦੀਲੀਆਂ ਆਉਣਗੀਆਂ। ਇਸ ਮੌਕੇ ਐਸ.ਡੀ.ਐਮ ਡਾ. ਸ਼ਿਖਾ ਭਗਤ, ਉਪ ਜ਼ਿਲ੍ਹਾ ਸਿੱਖਿਆ

ਅਫ਼ਸਰ ਜਗਰੂਪ ਭਾਰਤੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਲਾਭ ਸਿੰਘ, ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਭੁਪਾਲ, ਗੁਰਦੀਪ ਸਿੰਘ ਮਾਨਸਾਹੀਆ, ਹਰਦੀਪ ਸਿੰਘ ਸਿੱਧੂ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।  ਕੈਪਸ਼ਨ:1. -ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵਰਚੂਅਲ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਂਦੇ ਹੋਏ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਵੀ ਨਜ਼ਰ ਆ ਰਹੇ ਹਨ। 2,3,4 – ਵਿਧਾਇਕ

ਸ. ਨਾਜਰ ਸਿੰਘ ਮਾਨਸਾਹੀਆ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਸਰਕਾਰੀ ਪ੍ਰਾਇਮਰੀ ਸਕੂਲਾਂ ਲਈ ਟੈਬਲੇਟ ਦੀ ਵੰਡ ਕਰਦੇ ਹੋਏ। 5. ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੁੜੀਆਂ) ਜੋਗਾ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ।

NO COMMENTS