*ਜ਼ਿਲ੍ਹਾ ਪੱਧਰੀ ਟੀਮ ਵੱਲੋਂ ਨਰਮੇ ਦੇ ਖੇਤਾਂ ਦਾ ਨਿਰੀਖਣ ਕੀਤਾ*

0
6

ਮਾਨਸਾ, 25 ਮਈ (ਸਾਰਾ ਯਹਾਂ/  ਮੁੱਖ ਸੰਪਾਦਕ) :ਮੁੱਖ ਖੇਤੀਬਾੜੀ ਅਫਸਰ, ਡਾ. ਸਤਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ’ਤੇ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਪਿੰਡ ਠੂਠਿਆਂਵਾਲੀ ਅਤੇ ਭੈਣੀ ਬਾਘਾ ਵਿਖੇ ਨਰਮੇ ਦੇ ਖੇਤਾਂ ਦਾ ਨਿਰੀਖਣ ਕੀਤਾ ਗਿਆ। ਇਸ ਟੀਮ ਵਿੱਚ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ (ਟੀ.ਏ) ਅਤੇ  ਸ੍ਰੀ ਮਨਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਸਾਮਲ ਸਨ।
ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫਸਰ ਨੇ ਮੌਕੇ ’ਤੇ ਹਾਜ਼ਰ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਮੇ ਦੀ ਫਸਲ ਨੂੰ ਕੁੱਲ 4 ਤੋਂ 6 ਪਾਣੀਆਂ ਦੀ ਲੋੜ ਹੁੰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 4 ਤੋਂ 6 ਹਫਤੇ ਬਾਅਦ ਅਤੇ ਇਸ ਪਿੱਛੋਂ ਪਾਣੀ ਦੋ ਜਾਂ ਤਿੰਨ ਹਫਤਿਆਂ ਦੇ ਵਕਫੇ ਨਾਲ ਦੇਣਾ ਚਾਹੀਦਾ ਹੈ। ਹਲ੍ਹਕੀਆਂ ਜ਼ਮੀਨਾਂ ਜਾਂ ਵੱਟਾਂ ’ਤੇ ਬੀਜੀ ਫਸਲ ਨੂੰ ਲੋੜ ਪੈਣ ’ਤੇ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਨਰਮੇ ਦੀ ਵੱਟਾਂ ’ਤੇ ਬਿਜਾਈ ਨਾਲ ਅਤੇ ਸਿੰਚਾਈ ਖੇਲਾਂ ਵਿੱਚ ਕਰਨ ਨਾਲ ਪਾਣੀ ਦੀ ਕਾਫੀ ਬੱਚਤ ਕੀਤੀ ਜਾ ਸਕਦੀ ਹੈ। ਖਾਦਾਂ ਦੀ ਵਰਤੋਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ ਨੂੰ ਅੱਧੀ ਨਾਈਟ੍ਰੋਜਨ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਅੱਧੀ ਫੁੱਲ ਨਿੱਕਲਣ ਸਮੇਂ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜ ’ਤੇ ਦਿੱਤੀ ਜਾ ਰਹੀ 33 ਫ਼ੀਸਦੀ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਲਈ www.agrimachinerypb.com ਪੋਰਟਲ ’ਤੇ ਆਪਣੀ ਰਜਿਸਟੇ੍ਰਸ਼ਨ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਮਈ 2023 ਹੈ।  
ਸ੍ਰੀ ਮਨਪ੍ਰੀਤ ਸਿੰਘ, ਖੇਤੀਬਾੜੀ ਉਪ ਨਿਰੀਖਕ ਨੇ ਦੱਸਿਆ ਕਿ ਨਰਮੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟੇ੍ਰਟ (13:0:45) ਦਾ ਫੁੱਲਾਂ ਤੋਂ ਸ਼ੁਰੂ ਹੋਣ ਤੋਂ ਲੈ ਕੇ ਇੱਕ ਹਫਤੇ ਦੇ ਵਕਫੇ ’ਤੇ 4 ਵਾਰ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਪਿੰਡ ਭੈਣੀ ਬਾਘਾ ਦੇ ਕਿਸਾਨ ਮਿੱਤਰ ਸ੍ਰੀ ਦੀਦਾਰ ਸਿੰਘ ਅਤੇ ਪਿੰਡ ਠੂਠਿਆਂਵਾਲੀ ਦੇ ਕਿਸਾਨ ਮਿੱਤਰ ਸ੍ਰੀ ਹਰਭਜਨ ਸਿੰਘ ਹਾਜਰ ਸਨ।

NO COMMENTS