ਮਾਨਸਾ, 15 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਸਰਕਾਰ ਅਤੇ ਸਪੈਸ਼ਲ ਡੀ.ਜੀ.ਪੀ. ਜੇਲ੍ਹਾਂ ਪੰਜਾਬ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਦੇ ਆਦੇਸ਼ਾਂ ’ਤੇ ਪੰਜਾਬ ਦੀਆਂ ਜੇਲ੍ਹਾਂ ਅੰਦਰ ਬੰਦ ਬੰਦੀਆਂ ਨਾਲ ਉਹਨਾਂ ਦੇ ਪਰਿਵਾਰ ਵੱਲੋਂ ਮੁਲਾਕਾਤਾਂ ਕਰਨ ਲਈ ਜ਼ਿਲ੍ਹਾ ਸੁਧਾਰ ਘਰ ਮਾਨਸਾ ਵਿਖੇ ਪਰਿਵਾਰਕ ਮੁਲਾਕਾਤਾਂ ਹਾਲ ਦਾ ਉਦਘਾਟਨ ਸ੍ਰੀਮਤੀ ਨਵਜੋਤ ਕੌਰ ਜ਼ਿਲਾ ਅਤੇ ਸੈਸ਼ਨ ਜੱਜ ਮਾਨਸਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪਰਿਵਾਰਕ ਮੁਲਾਕਾਤਾਂ ਹਾਲ ਵਿਚ ਚੰਗੇ ਆਚਰਣ ਵਾਲੇ ਬੰਦੀ ਹੀ ਆਪਣੇ ਪਰਿਵਾਰ ਨਾਲ ਮੁਲਾਕਾਤ ਕਰ ਸਕਣਗੇ। ਇਹ ਮੁਲਾਕਾਤ 3 ਮਹੀਨਿਆਂ ਵਿੱਚ ਇੱਕ ਵਾਰ ਹੋਵੇਗੀ ਅਤੇ ਇਹ ਮੁਲਾਕਾਤ ਕਰਵਾਉਣ ਦਾ ਮੁੱਖ ਮਕਸਦ ਬੰਦੀਆਂ ਦੇ ਆਚਰਣ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਕੈਦੀ ਖੁਦ ਜਾਂ ਆਪਣੇ ਪਰਿਵਾਰਾਂ ਰਾਹੀਂ ਜੇਲ੍ਹ ਅਧਿਕਾਰੀਆਂ ਨੂੰ ਦਰਖ਼ਾਸਤ ਦੇ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਕ ਘੰਟੇ ਦੇ ਸਮੇਂ ਲਈ ਮੁਲਾਕਾਤ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਨਾਲ ਕੈਦੀ ਆਪਣੇ ਬੱਚਿਆਂ ਅਤੇ ਪਰਿਵਾਰ ਨਾਲ ਆਹਮੋ ਸਾਹਮਣੇ ਬੈਠ ਕੇ ਗੱਲ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੀਆਂ ਕਾਫੀ ਮੁਸ਼ਕਿਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਉਨ੍ਹਾਂ ਔਰਤ ਕੈਦੀਆਂ ਦੇ ਬੈਰਕ ਵਿੱਚ ਪਹੁੰਚ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਵੀ ਸੁਣਿਆ ਅਤੇ ਜ਼ਿਲ੍ਹਾ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ। ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਜੇਲ ਵਿਚ ਸਫਾਈ ਦਾ ਵੀ ਖਾਸ ਧਿਆਨ ਰੱਖਣ ਲਈ ਕਿਹਾ।
ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ, ਸੁਪਰਡੰਟ ਜੇਲ੍ਹ ਸ੍ਰੀ ਅਰਵਿੰਦਰ ਪਾਲ ਸਿੰਘ ਭੱਟੀ, ਡਿਪਟੀ ਸੁਪਰਡੰਟ ਐਡਮਨਿਸਟਰੇਸ਼ਨ ਸ੍ਰੀ ਨਰਪਿੰਦਰ ਸਿੰਘ ਅਤੇ ਹੋਰ ਜੇਲ੍ਹ ਸਟਾਫ ਹਾਜ਼ਰ ਸੀ।