ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਸਬੰਧੀ ਪ੍ਰਬੰਧਾਂ ਦੀ ਸਮੀਖਿਆ

0
30

ਮਾਨਸਾ, 03,ਫਰਵਰੀ (ਸਾਰਾ ਯਹਾ /ਜੋਨੀ ਜਿੰਦਲ): ਆਉਂਦੀ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਸਬੰਧੀ ਰਿਟਰਨਿੰਗ ਅਧਿਕਾਰੀਆਂ ਸਮੇਤ ਚੋਣ ਕਾਰਜਾਂ ਨਾਲ ਜੁੜੇ ਵੱਖ-ਵੱਖ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣਾਂ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਚੋਣ ਅਬਜਰਵਰ ਸ਼੍ਰੀ ਰੁਪਿੰਦਰਪਾਲ ਸਿੰਘ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਨੇ ਹਦਾਇਤ ਕੀਤੀ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਰਿਟਰਨਿੰਗ ਅਧਿਕਾਰੀ ਆਪੋ ਆਪਣੇ ਅਧਿਕਾਰ ਖੇਤਰ ਵਿੱਚ ਲਗਾਤਾਰ ਪੁਲਿਸ ਅਧਿਕਾਰੀਆਂ ਨਾਲ ਜਾਇਜ਼ਾ ਲੈਣ ਤਾਂ ਜੋ ਵੋਟਿੰਗ ਸਮੇਂ ਅਤੇ ਗਿਣਤੀ ਸਮੇਂ ਸਮੁੱਚੇ ਪ੍ਰਬੰਧਾਂ ਨੂੰ ਤਾਲਮੇਲ ਰੱਖਦੇ ਹੋਏ ਨੇਪਰੇ ਚੜ੍ਹਾਇਆ ਜਾ ਸਕੇ। ਉਨ੍ਹਾਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਜ਼ਿਲ੍ਹੇ ਦਾ ਅਮਨ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਨਗਰ ਕੌਂਸਲ ਮਾਨਸਾ, ਬੁਢਲਾਡਾ ਅਤੇ ਬਰੇਟਾ ਦੇ ਨਾਲ ਨਾਲ ਨਗਰ ਪੰਚਾਇਤ ਜੋਗਾ ਅਤੇ ਬੋਹਾ ਵਿਖੇ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਉਮੀਦਵਾਰਾਂ ਦੀ ਨਾਮਜ਼ਦਗੀ ਪ੍ਰਕਿਰਿਆ, ਈ.ਵੀ.ਐਮਜ਼ ਦੇ ਰੱਖ-ਰਖਾਓ ਅਤੇ ਸੁਰੱਖਿਆ ਲਈ ਕੀਤੇ ਪ੍ਰਬੰਧਾਂ, ਸੰਵੇਦਨਸ਼ੀਲ ਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ, ਪੋਲਿੰਗ ਸਟੇਸ਼ਨਾਂ, ਚੋਣ ਅਮਲੇ ਦੀ ਰਿਹਰਸਲ, ਵੱਖ ਵੱਖ ਸਟਰਾਂਗ ਰੂਮ ਦੀ ਤਿਆਰੀ, ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਆਦਿ ਸਮੇਤ ਚੋਣਾਂ ਨਾਲ ਸਬੰਧਤ ਹਰੇਕ ਪੱਖ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਮੀਟਿੰਗ ਵਿੱਚ ਵਿਸ਼ੇਸ ਤੌਰ ‘ਤੇ ਸ਼ਾਮਲ ਹੋਏ ਅਬਜ਼ਰਵਰ ਸ਼੍ਰੀ ਰੁਪਿੰਦਰ ਪਾਲ ਸਿੰਘ ਨੇ ਸਮੂਹ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਰੱਖਿਆ ਜਾਵੇ । ਇਸ ਦੌਰਾਨ ਐਸ.ਐਸ.ਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰਕੇ ਲਗਾਤਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨਿਕ ਪੱਧਰ ‘ਤੇ ਰਾਬਤਾ ਰੱਖਦੇ ਹੋਏ ਲੋੜੀਂਦੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਨਾਗਰਿਕਾਂ ਕੋਲੋਂ ਅਸਲਾ ਜਮ੍ਹਾਂ ਕਰਵਾਉਣ ਸਬੰਧੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਮਰਪ੍ਰੀਤ ਕੌਰ ਸੰਧੂ, ਰਿਟਰਨਿੰਗ ਅਫ਼ਸਰ ਮਾਨਸਾ ਸ਼ਿਖਾ ਭਗਤ, ਰਿਟਰਨਿੰਗ ਅਫ਼ਸਰ ਬੁਢਲਾਡਾ ਸਾਗਰ ਸੇਤੀਆ, ਰਿਟਰਨਿੰਗ ਅਫ਼ਸਰ ਬਰੇਟਾ ਸਰਬਜੀਤ ਕੌਰ, ਰਿਟਰਨਿੰਗ ਅਫ਼ਸਰ ਜੋਗਾ ਤੇ ਬੋਹਾ ਤੋਂ ਇਲਾਵਾ ਡੀ.ਐਸ.ਪੀ ਸੰਜੀਵ ਗੋਇਲ ਵੀ ਹਾਜ਼ਰ ਸਨ।

NO COMMENTS