ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕੂਲ ਮੁਖੀਆਂ ਨਾਲ ਜੂਮ ਮੀਟਿੰਗ

0
32

ਮਾਨਸਾ, 9 ਅਕਤੂਬਰ(ਸਾਰਾ ਯਹਾ / ਮੁੱਖ ਸੰਪਾਦਕ)  : ਵੱਖ-ਵੱਖ ਅਪਰਾਧਾਂ ਜਾਂ ਕੁਦਰਤੀ ਆਫਤਾਂ ਤੋਂ ਪੀੜਤ ਲੋਕਾਂ ਲਈ ਬੁਹਤ ਹੀ ਲਾਹੇਵੰਦ  ‘ਪੰਜਾਬ ਵਿਕਟਿਮ ਕੰਪਨਸੇਸ਼ਣ ਸਕੀਮ’ ਸਰਕਾਰ ਵੱਲੋਂ  2017 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਵਿੱਚ ਪੀੜਤਾਂ ਲਈ ਬਹੁਤ ਸਾਰੇ ਲਾਭਾਂ ਦੀ ਵਿਵਸਥਾ ਹੈ। ਪੀੜਤ ਲੋਕਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਹਾਸਲ ਕਰਕੇ ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੀਫ-ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਮਨਦੀਪ ਸਿੰਘ ਨੇ ਅੱਜ ਜ਼ੂਮ ਐਪ ਰਾਹੀਂ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਅਤੇ ਲੀਗਲ ਲਿਟਰੇਸੀ ਕਲੱਬ ਦੇ ਇਚਾਰਜਾਂ ਨੂੰ ਸੰਬੋਧਨ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਤੇਜ਼ਾਬ ਹਮਲੇ ਦੇ ਪੀੜਤਾਂ ਲਈ ਪੰਜ ਲੱਖ ਰੁਪਏ ਤੱਕ, ਜਬਰ ਜਨਾਹ ਪੀੜਤਾਂ ਲਈ ਛੇ ਲੱਖ ਤੱਕ, ਅਣਪਛਾਤੇ ਵਾਹਨਾਂ ਤੋਂ ਐਕਸੀਡੈਂਟ ਪੀੜਤਾਂ ਲਈ ਦੋ ਲੱਖ ਰੁਪਏ ਤੱਕ ਤੋਂ ਇਲਾਵਾ ਹੋਰ ਪੀੜਤਾਂ ਲਈ ਬਹੁਤ ਸਾਰੀ ਮੁਆਵਜ਼ਾ ਰਾਸ਼ੀ ਦੀ ਵਿਵਸਥਾ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਪੀੜਤ ਲੋਕ ਇਸ ਦਾ ਲਾਭ ਪ੍ਰਾਪਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਸਕੀਮ ਬਾਰੇ ਜਾਣਕਾਰੀ ਹਾਸਿਲ ਕਰਕੇ ਪੀੜਤ ਲੋਕਾਂ ਨੂੰ ਦੱਸੇ ਅਤੇ ਇਸ ਦਾ ਲਾਭ ਦਿਵਾਉਣ ਵਿੱਚ ਪੀੜਤਾਂ ਦੀ ਮਦਦ ਕਰੇ।  ਵੈਬੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੋਡਲ ਅਫਸਰ ਐਡਵੋਕੇਟ ਬਲਵੰਤ ਭਾਟੀਆ ਨੇ ਲੀਗਲ ਲਿਟਰੇਸੀ ਕਲੱਬਾਂ ਦੀ ਸਥਾਪਨਾ ਅਤੇ ਬਣਤਰ ਬਾਰੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਬਾਰੇ ਇਨ੍ਹਾਂ ਕਲੱਬਾਂ ਵਿੱਚ ਕਾਨੂੰਨੀ ਨੁਕਤਿਆਂ ਬਾਰੇ ਜਾਣਕਾਰੀ ਹਾਸਲ ਕਰਕੇ ਅੱਗੇ ਵੰਡਣ ਲਈ ਬਹੁਤ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਵਿੱਚ ਇਨ੍ਹਾਂ ਕਲੱਬਾਂ ਦੀ ਚੰਗੀ ਕਾਰਗੁਜ਼ਾਰੀ ਦਾ ਸਿੱਟਾ ਹੀ ਹੈ ਕਿ ਮੁਫਤ ਕਾਨੂੰਨੀ ਸਹਾਇਤਾ ਹਾਸਲ ਕਰਨ ਲਈ ਲੋਕ ਵੱਡੀ ਗਿਣਤੀ ਵਿੱਚ ਅਥਾਰਟੀ ਦੇ ਜ਼ਿਲ੍ਹਾ ਦਫਤਰ ਨਾਲ ਸੰਪਰਕ ਕਰ ਰਹੇ ਹਨ।  ਇਸ ਵੈਬੀਨਾਰ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਹੈਡ ਮਾਸਟਰ, ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜਾਂ ਤੋਂ ਇਲਾਵਾ ਹੰਸ ਰਾਜ, ਬੂਟਾ ਸਿੰਘ, ਕੁਲਦੀਪ ਕੁਮਾਰ ਆਦਿ ਵੀ ਸ਼ਾਮਿਲ ਸਨ।

NO COMMENTS