ਜ਼ਿਲ੍ਹਾਮਾਨਸਾ ਦੀਆਂ 3 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਆਦਰਸ਼ ਚੋਣ ਜਾਬਤਾ ਲਾਗੂ

0
195

ਮਾਨਸਾ, 19 ਜਨਵਰੀ  (ਸਾਰਾ ਯਹਾ/ਮੁੱਖ ਸੰਪਾਦਕ):ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਆਮ ਚੋਣਾਂ ਦੀ ਸਮਾਂ ਸਾਰਣੀ ਦੇ ਐਲਾਨ ਬਾਅਦ ਜ਼ਿਲ੍ਹੇ ਦੀਆਂ 3 ਨਗਰ ਕੌਂਸਲਾਂ ਮਾਨਸਾ, ਬੁਢਲਾਡਾ, ਬਰੇਟਾ ਅਤੇ 2 ਨਗਰ ਪੰਚਾਇਤਾਂ ਬੋਹਾ ਅਤੇ ਜੋਗਾ ਦੀ ਹਦੂਦ ਅੰਦਰ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ। ਇਹ ਪ੍ਰਗਟਾਵਾ  ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮਹਿੰਦਰ ਪਾਲ ਨੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਦਾ ਕਾਰਜ ਮੁਕੰਮਲ ਕਰਵਾਇਆ ਜਾਵੇਗਾ। ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟਾਂ-ਕਮ-ਰਿਟਰਨਿੰਗ ਅਫ਼ਸਰਾਂ ਸਮੇਤ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਸਬੰਧੀ ਦਿਸ਼ਾ ਨਿਰਦੇਸ਼ ਕੀਤੇ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਏ ਡੀ ਸੀ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮਾਨਸਾ ਵਿਖੇ 60, ਬੁਢਲਾਡਾ ਵਿਖੇ 33 ਜਦਕਿ ਬੋਹਾ, ਬਰੇਟਾ ਅਤੇ ਜੋਗਾ ਵਿਖੇ 13-13 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ 2021 ਤੋਂ ਸ਼ੁਰੂ ਹੋਵੇਗੀ ਅਤੇ 3 ਫਰਵਰੀ 2021 ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ 2021 ਨੂੰ ਕੀਤੀ ਜਾਏਗੀ ਜਦੋਂ ਕਿ ਨਾਮਜਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ 2021 ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸਾਮ 5:00 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ ਪੈਣ ਦਾ ਕਾਰਜ  ਮਿਤੀ  14 ਫਰਵਰੀ 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਵੋਟਾਂ ਦੀ ਗਿਣਤੀ 17 ਫਰਵਰੀ 2021 ਨੂੰ ਕੀਤੀ ਜਾਏਗੀ।  ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਉਂਸੀਪਲ ਚੋਣਾਂ ਵਿੱਚ ਮਹਿਲਾਵਾਂ ਲਈ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01-01-2020 ਅਨੁਸਾਰ ਇਨ੍ਹਾਂ ਚੋਣਾਂ ਲਈ ਵੋਟਾਂ ਵਾਲੇ ਸ਼ਹਿਰਾਂ ਦੀਆਂ ਵੋਟਰ ਸੂਚੀਆਂ ਅਪਡੇਟ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਵੋਟਰਾਂ ਨੂੰ ਵੋਟਿੰਗ ਪ੍ਰਕਿਰਿਆ ਵਿਚ ਵੱਧ ਚੜ੍ਹ ਕੇ ਅਤੇ ਇਮਾਨਦਾਰੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ, ਸਮੁੱਚੀ ਚੋਣ ਪ੍ਰਕਿਰਿਆ ਦੌਰਾਨ 10-12-2020 ਨੂੰ ਜਾਰੀ ਐਸ.ਓ.ਪੀ. ਅਤੇ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਕੋਵਿਡ-19 ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾਣਗੇ ਅਤੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣ ਡਿਊਟੀ ਲਈ ਤਾਇਨਾਤ ਅਮਲੇ ਨੂੰ ਮਾਸਕ, ਸੈਨੇਟਾਈਜ਼ਰ ਸਮੇਤ ਹੋਰ ਲੋੜÄਦਾ ਸਮਾਨ ਮੁਹੱਈਆ ਕਰਵਾਏ ਜਾਣਗੇ।    ਇਸ ਮੌਕੇ ਡਾ. ਸ਼ਿਖਾ ਭਗਤ ਆਰ.ਓ. ਮਾਨਸਾ, ਸ੍ਰੀਮਤੀ ਸਰਬਜੀਤ ਕੌਰ ਆਰ.ਓ. ਬਰੇਟਾ, ਸ੍ਰੀ ਸਾਗਰ ਸੇਤੀਆ ਆਰ.ਓ. ਬੁਢਲਾਡਾ, ਡੀ.ਐਸ.ਪੀ. ਸੰਜੀਵ ਗੋਇਲ ਇੰਚਾਰਜ ਇਲੈਕਸ਼ਨ ਸੈੱਲ, ਤਹਿਸੀਲਦਾਰ ਅਮਰਜੀਤ ਸਿੰਘ ਆਰ.ਓ. ਜੋਗਾ, ਇੰਜੀਨੀਅਰ ਐਸ.ਕੇ. ਸ਼ਰਮਾ ਐਕਸੀਅਨ ਪੰਚਾਇਤੀ ਰਾਜ ਆਰ. ਓ. ਬੋਹਾ ਮੌਜੂਦ ਸਨ।

NO COMMENTS