ਮਾਨਸਾ, 29 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): ਜਿਲਾ ਮਾਨਸਾ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਮਿ੍ਰੰਤ ਸਰੋਵਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਪਾਣੀ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਉਲੀਕੀ ਇਸ ਯੋਜਨਾਂ ਨੰੂ ਇੰਨ-ਬਿੰਨ ਲਾਗੂ ਕਰਨ ਲਈ ਅੱਜ ਸਥਾਨਕ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਸ੍ਰੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲੇ ਅੰਦਰ 75 ਪਿੰਡਾਂ ’ਚ ਛੱਪੜਾਂ ਦਾ ਨਵੀਨੀਕਰਣ ਕੀਤਾ ਜਾਣਾ ਹੈ, ਜਿਸਦੇ ਲਈ ਸਬੰਧਤ ਅਧਿਕਾਰੀ ਹਦਾਇਤਾਂ ਅਨੁਸਾਰ ਕਾਰਵਾਈ ਅਮਲ ’ਚ ਲਿਆਉਣ ਅਤੇ ਸਮੁੱਚੇ ਕੰਮ ਲਈ ਜ਼ਿਲਾ ਪੱਧਰ ’ਤੇ ਕਮੇਟੀ ਦਾ ਗਠਨ ਕੀਤਾ ਜਾਵੇ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਕ ਹਫ਼ਤੇ ਦੇ ਅੰਦਰ-ਅੰਦਰ ਨਿਯਮਾਂ ਨੂੰ ਧਿਆਨ ’ਚ ਰੱਖ ਕੇ ਕੰਮ ਵਾਲੀਆਂ ਥਾਵਾਂ ਦੀ ਚੋਣ ਕੀਤੀ ਜਾਵੇ ਅਤੇ ਡਿਟੇਲਡ ਨਕਸ਼ਾ ਤਿਆਰ ਕਰਕੇ ਕੰਮਾਂ ਨੂੰ ਸ਼ੁਰੂ ਕੀਤਾ ਜਾਵੇ। ਉਨਾਂ ਕਿਹਾ ਕਿ ਜਿੱਥੇ ਕਿਧਰੇ ਛੱਪੜਾਂ ਦੇ ਨਵੀਨੀਕਰਣ ਦਾ ਕੰਮ ਸ਼ੁਰੂ ਹੋਵੇ, ਉਥੇ ਮਟੀਰੀਅਲ ਨਾਲ ਕੋਈ ਸਮਝੋਤਾ ਨਹੀ ਹੋਣਾ ਚਾਹੀਦਾ, ਜਿਸਦੀ ਸਮੇਂ ਸਮੇਂ ਕੁਆਲਟੀ ਜਾਂਚ ਦੀ ਸਬੰਧਤ ਅਧਿਕਾਰੀ ਆਪਣੇ ਪੱਧਰ ’ਤੇ ਕਰਨਾ ਯਕੀਨੀ ਬਣਾਉਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਛੱਪੜਾਂ ਦੀ ਚੋਣ ਵਾਲੀ ਥਾਂ ਦਾ ਜਿਨਾਂ ਦਾ ਰਕਬਾ ਇਕ ਏਕੜ ਤੋ ਜ਼ਿਆਦਾ ਹੈ ਅਤੇ ਸਮਰੱਥਾ 10 ਹਜ਼ਾਰ ਕਿਉਂਬਿਕ ਮੀਟਰ ਹੈ, ਉਨਾਂ ਦਾ ਪਹਿਲ ਦੇ ਆਧਾਰ ’ਤੇ ਨਵੀਨੀਕਰਣ ਕਰਨ ਦੀ ਯੋਜਨਾ ਉਲੀਕੀ ਗਈ ਹੈ। ਉਨਾਂ ਕਿਹਾ ਕਿ ਛੱਪੜ ਦੀ ਖੁਦਾਈ, ਤੁਰਨ ਲਈ ਰਸਤਾ, ਛੱਪੜ ਦੇ ਆਲੇ ਦੁਆਲੇ ਪੌਦੇ ਲਗਾਉਣਾ ਆਦਿ ਕੰਮ ਸ਼ਾਮਿਲ ਹੋਣਗੇ। ਇਸ ਮੌਕੇ ਐਸ.ਡੀ.ਐਮ. ਹਰਜਿੰਦਰ ਸਿੰਘ ਜੱਸਲ, ਡੀ.ਡੀ.ਪੀ.ਓ ਨਵਨੀਤ ਜੋਸ਼ੀ ਸਮੇਤ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸ਼ਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।