-ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਹੋਣੀਆਂ ਯਕੀਨੀ ਬਣਾਈਆਂ ਜਾਣ: ਡਿਪਟੀ ਕਮਿਸ਼ਨਰ

0
193

ਮਾਨਸਾ, 22 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ): ਭਾਰਤ ਸਰਕਾਰ ਵੱਲੋਂ ਨੋਵਲ ਕੋਰੋਨਾ ਵਾਇਰਸ (COVID-19) ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ ਹੈ। ਇਸ ਬਿਮਾਰੀ ਨੂੰ ਰੋਕਣ ਲਈ, ਜਰੂਰੀ ਸੇਵਾਵਾਂ ਤੋਂ ਇਲਾਵਾ, ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣੀਆਂ ਲਾਜ਼ਮੀ ਹਨ। ਇਸ ਤੋਂ ਇਲਾਵਾ ਵਹੀਕਲਾਂ, ਵਿਅਕਤੀਆਂ ਦੀਆਂ ਬੇਲੋੜੀਆਂ ਗਤੀਵਿਧੀਆਂ ਰੋਕਣਾ ਵੀ ਯਕੀਨੀ ਬਣਾਇਆ ਜਾਵੇ।
ਜ਼ਿਲ੍ਹਾ ਮੈÎਜਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਗੁਰਪਾਲ ਸਿੰਘ ਚਹਿਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਦੇਸ਼ ਜਾਰੀ ਕੀਤੇ ਹਨ ਕਿ ਜਰੂਰੀ ਗਤੀਵਿਧੀਆਂ ਤੋਂ ਇਲਾਵਾ ਗੈਰ ਜਰੂਰੀ ਵਹੀਕਲਾਂ, ਵਿਅਕਤੀਆਂ ਦੀਆਂ ਗਤੀਵਿਧੀਆਂ ਰੋਕੀਆਂ ਜਾਣ। ਮਾਲ ਢੋਹਣ ਵਾਲੇ ਸਾਰੇ ਵਹੀਕਲਾਂ ਸਮੇਤ ਜਰੂਰੀ ਵਸਤਾਂ ਨੂੰ ਲਿਜਾਣ ਵਾਲੇ ਵਹੀਕਲ ਇਸ ਬੰਦ ਦੌਰਾਨ ਆ ਜਾ ਸਕਣਗੇ। ਡਰਾਇਵਰ ਅਤੇ ਕਾਮੇ ਜੋ ਢੋਆ ਢੁਆਈ ਕਰਦੇ ਹਨ ਵੱਲੋਂ ਸਾਰੇ ਅਹਿਤਿਆਤ ਵਰਤੇ ਜਾਣਗੇ। ਇਸ ਤੋਂ ਇਲਾਵਾ ਜਨਤਕ ਥਾਵਾਂ ਤੇ 10 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਮਨਾਹੀ ਕੀਤੀ ਜਾਂਦੀ ਹੈ।
ਆਦੇਸ਼ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜਰੂਰੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਵਿਚ ਜਿਵੇਂ ਕਿ ਪਰਚੂਨ, ਤਾਜੇ ਫਲ ਅਤੇ ਸਬਜ਼ੀਆਂ, ਪੀਣ ਵਾਲਾ ਪਾਣੀ, ਚਾਰਾ, ਸਿਹਤ ਸੇਵਾਵਾਂ, ਦਵਾਈਆਂ ਦੀਆਂ ਦੁਕਾਨਾਂ, ਐਲ.ਪੀ.ਜੀ. ਗੈਸ ਘਰੇਲੂ ਅਤੇ ਵਪਾਰਕ, ਸਾਰੇ ਫੂਡ ਪ੍ਰੋਸੈਸਿੰਗ ਯੂਨਿਟ ਜੋ ਖੁਰਾਕ ਵਸਤਾਂ ਨੂੰ ਪ੍ਰੋਸੈੱਸ ਕਰਦੇ ਹਨ, ਚੌਲਾਂ ਦੀਆਂ ਫੈਕਟਰੀਆਂ, ਦੁੱਧ ਦੇ ਪਲਾਂਟ, ਡੇਅਰੀ ਯੂਨਿਟ, ਪਸ਼ੂਆਂ ਦੇ ਚਾਰੇ ਵਾਲੇ ਯੂਨਿਟ, ਟੈਲੀਫੋਨ ਓਪਰੇਟਰ ਅਤੇ ਏਜੰਸੀਆਂ, ਬੀਮਾ ਕੰਪਨੀਆਂ, ਬੈਂਕ ਅਤੇ ਏ.ਟੀ.ਐਮ, ਡਾਕ ਘਰ, ਪੈਟਰੋਲ, ਡੀਜ਼ਲ, ਸੀ.ਐਲ.ਜੀ. ਪੰਪ, ਮੈਡੀਕਲ ਅਤੇ ਸਿਹਤ ਯੰਤਰ ਤਿਆਰ ਕਰਨ ਵਾਲੇ ਯੂਨਿਟ, ਕਣਕ ਅਤੇ ਚਾਵਲ ਮਾਲ ਗੋਦਾਮਾਂ ਤੋਂ ਪ੍ਰਾਪਤ ਕਰਨ ਵਾਲੇ ਕੇਂਦਰੀ ਪੂਲ, ਡੀ.ਸੀ.ਪੀ, ਓ.ਐਮ.ਐਸ.ਸੀ. ਵਿਚ ਭੇਜਣ ਲਈ ਢੋਆ ਢੁਆਈ ਕਰਨਾ, ਜਰੂਰੀ ਵਸਤਾਂ, ਜਰੂਰੀ ਸੇਵਾਵਾਂ ਅਤੇ ਸਟਾਕ ਵਸਤਾਂ ਜੋ ਅਨਾਜ ਪ੍ਰਾਪਤ ਕਰਨ ਅਤੇ ਸਟੋਰ ਕਰਨ ਜਿਵੇਂ ਬੋਰੀਆਂ, ਪੀ.ਪੀ. ਬੋਰੀਆਂ, ਕਰੇਟਸ, ਤਰਪਾਲਾਂ, ਜਾਲ, ਸਲਫਾਸ, ਕੀਟਨਾਸ਼ਕ ਦਵਾਈਆਂ ਆਦਿ ਲਈ ਜਰੂਰੀ ਹਨ, ਫਸਲਾਂ ਵੱਢਣ ਲਈ ਕੰਬਾਇਨਾਂ ਅਤੇ ਖੇਤੀਬਾੜੀ ਸੰਦ ਬਣਾਉਣ ਵਾਲੇ ਯੂਨਿਟ, ਅੰਡੇ, ਮੁਰਗੀਆਂ ਦੀ ਖੁਰਾਕ, ਮੀਡੀਆ, ਈ-ਕਮਰਸ ਅਤੇ ਜਰੂਰੀ ਸੂਚਨਾ ਤਕਨੀਕੀ ਸੇਵਾਵਾਂ ਆਦਿ ਜਰੂਰੀ ਸੇਵਾਵਾਂ ਲਈ ਘਰ ਤੋਂ ਬਾਹਰ ਜਾਣ ਦੀ ਜਰੂਰਤ ਮਹਿਸੂਸ ਹੋਵੇ ਤਾਂ ਪਰਿਵਾਰ ਦਾ ਇਕ ਮੈਂਬਰ (ਸਿਵਾਏ ਮੈਡੀਕਲ ਗੰਭੀਰਤਾ) ਇਕ ਸਮੇਂ ਘਰੋਂ ਬਾਹਰ ਜਾ ਕੇ ਉਪਰੋਕਤ ਜਰੂਰੀ ਵਸਤਾਂ/ਸੇਵਾਵਾਂ ਲੈ ਸਕਦਾ ਹੈ।
ਇਹ ਹੁਕਮ 23 ਮਾਰਚ, 2020 ਸਵੇਰੇ 6 ਵਜੇ ਤੋਂ 31 ਮਾਰਚ 2020 ਤੱਕ ਲਾਗੂ ਰਹਿਣਗੇ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

NO COMMENTS