-ਜ਼ਰੂਰੀ ਵਸਤਾਂ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਣੀਆਂ ਯਕੀਨੀ ਬਣਾਉਣ ਲਈ ਜਾਰੀ ਕੀਤਾ ਹੈਲਪ ਲਾਈਨ ਨੰਬਰ 1905: ਡਿਪਟੀ ਕਮਿਸ਼ਨਰ ਮਾਨਸਾ

0
59

ਮਾਨਸਾ, 18 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਹੈਲਪਲਾਈਨ ਨੰਬਰ 1905 ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਜ਼ਿਲ੍ਹਾ ਵਾਸੀ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹੈਲਪਲਾਈਨ ਨੰਬਰ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਸੇਵਾ ਵਿੱਚ ਰਹੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ 100 ਸੀਟਾਂ ਦਾ ਕਾਲ ਸੈਂਟਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਕਰਫਿਊ ਪਾਸ ਸਬੰਧੀ ਸੂਚਨਾ, ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਨਾਗਰਿਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਤੁਰੰਤ ਐਮਰਜੈਂਸੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਹੈਲਪਲਾਈਨ ਨੰਬਰ ਦਾ ਮੰਤਵ ਕਰਫਿਊ ਦੌਰਾਨ ਹਰੇਕ ਪਰਿਵਾਰ ਨੂੰ ਮੁੱਢਲੀ ਜ਼ਰੂਰੀ ਵਸਤਾਂ ਦੀ ਸਪਲਾਈ ਕਰਵਾਉਣਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਇਹ ਕਾਲ ਸੈਂਟਰ ਸੀ.ਆਰ.ਐਮ. (ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ) ਤਹਿਤ ਨਾਗਰਿਕਾਂ ਦੀ ਪੁੱਛਗਿੱਛ ਅਤੇ ਬੇਨਤੀਆਂ ਨੂੰ ਪਹਿਲ ਦੇ ਅਧਾਰ ‘ਤੇ ਸਬੰਧਤ ਨੋਡਲ ਅਫ਼ਸਰ ਨੂੰ ਭੇਜਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸ਼ਿਕਾਇਤਾਂ ਜਾਂ ਬੇਨਤੀਆਂ ਵਿੱਚ ਰਾਸ਼ਨ, ਫਲ-ਸਬਜ਼ੀਆਂ, ਦੁੱਧ ਉਤਪਾਦ, ਦਵਾਈਆਂ, ਮੈਡੀਕਲ ਸਹਾਇਤਾ, ਲੇਬਰ ਨਾਲ ਸਬੰਧਤ ਅਤੇ ਹੋਰ ਵੀ ਕਿਸੇ ਤਰ੍ਹਾਂ ਦੀ ਸਮੱਸਿਆਵਾਂ ਸ਼ਾਮਿਲ ਹਨ, ਜਿਨ੍ਹਾਂ ਸਬੰਧੀ ਹੈਲਪਲਾਈਨ ਨੰਬਰ 1905 ‘ਤੇ ਕਾਲ ਕੀਤੀ ਜਾ ਸਕਦੀ ਹੈ।  
ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਇਸ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਉਣ ਲਈ ਕੁਝ ਜ਼ਰੂਰੀ ਸੂਚਨਾ ਮੁਹੱਈਆ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸ਼ਿਕਾਇਤ ਜਾਂ ਪੁੱਛਗਿੱਛ ਕਰਨ ਵਾਲੇ ਦਾ ਨਾਮ, ਉਸ ਤੋਂ ਬਾਅਦ ਪੂਰਾ ਪਤਾ, ਮੋਬਾਇਲ ਨੰਬਰ, ਕਿਸ ਵਸਤੂ ਲਈ ਫੋਨ ਕੀਤਾ ਹੈ, ਵਿਅਕਤੀਆਂ ਦੀ ਸੰਖਿਆ, ਸ਼ਿਕਾਇਤ ਦੇ ਤੀਬਰਤਾ ਦੇ ਪੱਧਰ ਸਬੰਧੀ ਜਾਣਕਾਰੀ ਦਰਜ ਕਰਵਾਉਣ ਪੈਂਦੀ ਹੈ।
ਉਨ੍ਹਾਂ ਦੱਸਿਆ ਕਿ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸਬੰਧਤ ਜ਼ਿਲ੍ਹਾ ਨੋਡਲ ਅਫ਼ਸਰ ਕੋਲ ਇਹ ਰਿਕਵੈਸਟ ਤੁਰੰਤ ਪਹੁੰਚ ਜਾਂਦੀ ਹੈ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਸ਼ਿਕਾਇਤ ਦਾ ਹੱਲ ਕਰਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਸੀਮਾ 72 ਘੰਟੇ ਵੀ ਹੋ ਸਕਦੀ ਹੈ ਪਰ ਇਸ ਦੇ ਨਾਲ ਨੋਡਲ ਅਫ਼ਸਰ ਨੂੰ ਸਮਾਂ ਵੱਧ ਲੱਗਣ ਦਾ ਕਾਰਨ ਵੀ ਦੱਸਣਾ ਪਵੇਗਾ। ਇਸ ਤੋਂ ਇਲਾਵਾ ਜਿਸ ਨਾਗਰਿਕ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੁੰਦੀ ਹੈ ਉਸ ਦੇ ਮੋਬਾਇਲ ‘ਤੇ ਵੀ ਐਸ.ਐਮ.ਐਸ ਚਲਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਹੋਰ ਵੀ ਮੁਫ਼ਤ ਹੈਲਪਲਾਈਨਾ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਾਨੂੰਨ ਤੇ ਵਿਵਸਥਾ, ਕਰਫਿਊ, ਪੁਲਿਸ ਨਾਲ ਸਬੰਧਤ ਕਿਸੇ ਵੀ ਮੁੱਦੇ ਬਾਰੇ ਜਾਣਕਾਰੀ ਲਈ ਜਾਂ ਆਪਣੀ ਕੋਈ ਹੋਰ ਤਕਲੀਫ਼ ਬਾਰੇ ਦੱਸਣ ਲਈ 112 ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੈਡੀਕਲ ਐਮਰਜੈਂਸੀ ਸਬੰਧੀ 104 ਨੰਬਰ ‘ਤੇ, ਐਂਬੂਲੈਂਸ ਲਈ 108 ਅਤੇ ਟੈਲੀ ਡਾਕਟਰ ਜਾਂ ਸਲਾਹ ਹੈਲਪਲਾਈਨ ਸਬੰਧੀ 1800-180-4104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੰਬਰਾਂ ‘ਤੇ ਕੋਈ ਵੀ ਗਲਤ ਸ਼ਿਕਾਇਤ ਦਰਜ ਨਾ ਕਰਵਾਈ ਜਾਵੇ ਅਤੇ ਅਜਿਹਾ ਕਰਨ ਵਾਲੇ ਵਿਅਕਤੀ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

NO COMMENTS