“ਹੰਭਲੇ ਦਾ ਲੋੜ” (ਸੰਪਾਦਕੀ) ਬਲਜੀਤ ਸ਼ਰਮਾ -ਮੁੱਖ ਸੰਪਾਦਕ

0
102
  • ਕੋਰੋਨਾ ਦੀ ਪਹਿਲੀ ਲਹਿਰ ਤੋਂ ਦੇਸ਼ ਨੇ ਆਪਣੇ ਆਪ ਨੂੰ ਬਾਹਰ ਕੱਢਿਆ ਪਰ ਇਸ ਲਈ ਦੇਸ਼ ਦੇ ਨਾਗਰਿਕਾਂ ਦੀ ਕੀਮਤੀ ਜਿੰਦਗੀਆਂ ਦੀ ਕੀਮਤ ਚੁਕਾਉਣੀ ਪਈ। ਪਹਿਲੀ ਲਹਿਰ ਨੇ ਹਰੇਕ ਆਮ ਅਤੇ ਖ਼ਾਸ ਵਿਅਕਤੀਆਂ ਨੂੰ ਪ੍ਰਭਾਵਿਤ ਕੀਤਾ, ਅਰਥਚਾਰੇ ਦੀ ਗੱਡੀ ਵੀ ਲੀਹੋਂ ਲੱਥ ਗਈ।
  • ਕੋਰੋਨਾ ਦੀ ਪਹਿਲੀ ਲਹਿਰ ਤੋਂ ਜ਼ਿਆਦਾ ਘਾਤਕ ਰੂਪ ਲੈਕੇ ਦੂਜੀ ਲਹਿਰ ਪ੍ਰਚੰਡ ਰੂਪ ਵਿੱਚ ਪੂਰੇ ਦੇਸ਼ ਨੂੰ ਕਲਾਵੇ ਵਿੱਚ ਲੈ ਰਹੀ ਹੈ। ਇਸ ਲਈ ਸਰਕਾਰ ਨੂੰ ਨਾਈਟ ਕਰਫ਼ਿਊ,ਲਾਕਡਾਊਨ ਜਹੇ ਸਖ਼ਤ ਕਦਮ ਚੁੱਕਣੇ ਪੈ ਰਹੇ ਹਨ।
  • ਵੱਖ-ਵੱਖ ਸੂਬਿਆਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਦਿਨੋ-ਦਿਨ ਦੂਜੀ ਲਹਿਰ ਭਿਆਨਕ ਰੂਪ ਧਾਰਕੇ ਅਣਮੋਲ ਜ਼ਿੰਦਗੀਆਂ ਨੂੰ ਸਮਾਪਤ ਕਰ ਰਹੀ ਹੈ। ਆਕਸੀਜਨ ਦੀ ਘਾਟ, ਹਸਪਤਾਲਾਂ ਵਿੱਚ ਬੈੱਡ ਨਹੀਂ, ਦਵਾਈਆਂ ਦੀ ਮਦੱਦ ਲਈ ਲਾਈ ਜਾ ਰਹੀ ਗੁਹਾਰ ਅਣਸੁਣੀ ਹੋ ਰਹੀ ਹੈ।
  • ਇਸ ਵਿਸ਼ਵ ਵਿਆਪਕ ਮਹਾਂਮਾਰੀ ਲਈ ਜਿੰਮੇਵਾਰ ਕੌਣ ? ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਵਾਂਗ ਥੋੜ੍ਹੇ ਸਮੇਂ ਲਈ ਜਦੋਂ ਇਸ ਮਹਾਂਮਾਰੀ ਨੂੰ ਠੱਲ੍ਹ ਪਈ ਤਾਂ ਜਨਤਾ ਇਹ ਸੋਚ ਬੈਠੀ ਕਿ ਇਸ ਬਿਮਾਰੀ ਤੇ ਜਿੱਤ ਪਾ ਲਈ ਹੈ ਪਰ ਨਤੀਜਾ ਇਸ ਦੇ ਉੱਲਟ ਮਿਲ ਰਿਹਾ ਹੈ। ਇੱਕ ਦੂਜੇ ਤੇ ਦੂਸ਼ਣਬਾਜ਼ੀ ਪੂਰੇ ਜ਼ੋਰ ਨਾਲ ਚੱਲ ਰਹੀ ਹੈ। ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ ਜੋ ਕਿ ਬਹੁਤ ਡਰਾਉਣੀ ਸਥਿਤੀ ਪੈਦਾ ਕਰ ਰਿਹਾ ਹੈ, ਇਸ ਤੋਂ ਲੱਗਦਾ ਹੈ ਕਿ ਇਹ ਬਿਮਾਰੀ ਛੇਤੀ ਵਿਦਾਅ ਹੋਣ ਵਾਲੀ ਨਹੀਂ ਫ਼ਲੂ, ਮਲੇਰੀਆ ਅਤੇ ਟੀ.ਬੀ ਵਾਂਗ ਟਿੱਕੀ ਰਹੇਗੀ। ਕੋਈ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਲੈਂਦਾ। ਆਮ ਜਨਤਾ ਨੂੰ ਸਰਕਾਰੀ ਹਦਾਇਤਾਂ ਦਾ ਪਾਲਣ ਵੀ ਕਰਨਾ ਹੋਵੇਗਾ ਅਤੇ ਸਰੀਰਕ ਦੂਰੀ ਬਣਾ ਕੇ, ਮਾਸਕ ਲਗਾ ਕੇ, ਹੱਥਾਂ ਦੀ ਸਫ਼ਾਈ ਰੱਖਕੇ ਸਭ ਤੋਂ ਅਹਿਮ ਟੀਕਾਕਰਨ ਆਪ ਕਰਨਾ ਅਤੇ ਹੋਰਨਾਂ ਨੂੰ ਵੀ ਪ੍ਰੇਰਿਤ ਕਰਕੇ ਜਾਗਰੂਕ ਕਰਨਾ ਪਵੇਗਾ। ਜਿੰਨ੍ਹੀ ਜਲਦੀ ਟੀਕਾਕਰਨ ਹੋਵੇਗਾ ਉਨ੍ਹੀਂ ਹੀ ਛੇਤੀ ਹਰਡ ਇਮਿਊਨਟੀ ਦਾ ਟੀਚਾ ਹਾਸਲ ਕੀਤਾ ਜਾ ਸਕੇਗਾ।
  • ਭਾਰਤ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖ ਕਈ ਦੇਸ਼ਾਂ ਨੇ ਸਾਡੀਆਂ ਉਡਾਨਾਂ ਤੇ ਪ੍ਰਤਿਬੰਧ ਲਗਾ ਦਿੱਤਾ ਹੈ, ਵਿਸ਼ਵ ਪੱਧਰੀ ਲੋਕ ਭਾਰਤ ਅਤੇ ਭਾਰਤੀਆਂ ਤੋਂ ਡਰਨ ਲੱਗੇ ਹਨ। ਹੁਣ ਵੀ ਸੰਭਲਣ ਦਾ ਮੌਕਾ ਹੈ,ਸੰਭਲ ਜਾਵੋ ਸਰਕਾਰ ਲਈ ਇੱਕ ਵਿਅਕਤੀ ਅੰਕੜਾ ਹੈ,ਪਰ ਪਰਿਵਾਰ ਲਈ ਸਾਰੀ ਦੁਨੀਆਂ, ਭਾਰਤ ਦੀ ਸਥਿਤੀ ਕਿਤੇ ਉਹ ਨਾ ਬਣ ਜਾਵੇ ਕਿ ਜੋ ਦੇਸ਼ ਦੂਜੇ ਦੇਸ਼ਾਂ ਨੂੰ ਵੈਕਸੀਨ ਭੇਜ ਰਿਹਾ ਹੈ, ਉਹੀਂ ਘ੍ਰਿਣਾ ਅਤੇ ਤੋਹਮਤਾਂ ਦਾ ਪਾਤਰ ਬਣ ਜਾਵੇ।
  • ਰਾਜਨੀਤਕ, ਕਾਰਜ ਪਾਲਿਕਾ ਅਤੇ ਨੌਕਰਸ਼ਾਹੀ ਅਤੇ ਹੋਰ ਸਾਰੇ ਮਹੱਤਵਪੂਰਨ ਵਿਅਕਤੀਆਂ ਨੂੰ ਇਸ ਬਿਮਾਰੀ ਦੀ ਰੋਕਥਾਮ ਲਈ ਦਿਨ-ਰਾਤ ਯਤਨ ਕਰਨੇ ਪੈਣਗੇ।
  • ਪੱਤਝੜ ਦੇ ਮੌਸਮ ਤੋਂ ਬਾਅਦ ਬਹਾਰਾਂ ਦੀ ਰੁੱਤ ਆਵੇ, ਸਕੂਲਾਂ, ਦਫ਼ਤਰਾਂ ਅਤੇ ਫੈਕਟਰੀਆਂ ਅਤੇ ਬਜ਼ਾਰਾਂ ਵਿੱਚ ਰੌਣਕ ਪਰਤੇ, ਸਾਨੂੰ ਸਾਰਿਆਂ ਨੂੰ ਰਲ਼ ਮਿਲ਼ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਇਸ ਮਹਾਂ ਵਿਕਰਾਲ ਰੂਪ ਧਾਰਨ ਕਰਦੀ ਜਾ ਰਹੀ ਬਿਮਾਰੀ ਨੂੰ ਕਾਬੂ ਕੀਤਾ ਜਾਵੇ।

ਬਲਜੀਤ ਸ਼ਰਮਾ -ਮੁੱਖ ਸੰਪਾਦਕ

NO COMMENTS