*ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਦਿਆਂ ਸੁਰੱਖਿਅਤ ਥਾਵਾਂ ’ਤੇ ਪਹੁੰਚਣ ਲੋਕ-ਵਿਧਾਇਕ ਬੁੱਧ ਰਾਮ*

0
19

ਮਾਨਸਾ, 19 ਜੁਲਾਈ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ):
ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ, ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ, ਐਸ.ਐਸ.ਪੀ ਡਾ. ਨਾਨਕ ਸਿੰਘ ਸਮੇਤ ਐਸ.ਡੀ.ਐਮ ਸ੍ਰੀ ਪ੍ਰਮੋਦ ਸਿੰਗਲਾ ਨੇ ਵਰ੍ਹਦੇ ਮੀਂਹ ਵਿੱਚ ਚਾਂਦਪੁਰ ਬੰਨ੍ਹ ਹਰਿਆਣਾ ਦੀ ਹੱਦ ਵਿੱਚ ਸਿਧਾਣੀ ਨੇੜੇ ਪਏ ਪਾੜ ਨੂੰ ਪੂਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਦੋਵੇ ਰਾਜਾਂ ਦੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਬੰਨ੍ਹ ਨੂੰ ਪਲੱਗ ਕਰਨ ’ਤੇ ਲੱਗੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਤੇ ਭਾਰਤੀ ਸੈਨਾ ਦੇ ਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ।
    ਇਸ ਮੌਕੇ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਰਾਹਤ ਪ੍ਰਬੰਧਾਂ ਲਈ ਪੂਰੇ ਇੰਤਜਾਮ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਇਸ ਮੌਕੇ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਦੇ ਹੋਏ ਸੁਰੱਖਿਅਤ ਥਾਂ ’ਤੇ ਆਉਣ ਦੀ ਅਪੀਲ ਕੀਤੀ।


ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ ਹੋਈ ਬਾਰਿਸ਼ ਨਾਲ ਚਾਂਦਪੁਰ ਅਤੇ ਸਰਦੂਲਗੜ੍ਹ ਘੱਗਰ ਦੇ ਪਾਣੀ ਦਾ ਪੱਧਰ ਕਾਫ਼ੀ ਵੱਧ ਜਾਣ ਕਾਰਨ ਜ਼ਿਲ੍ਹਾ ਮਾਨਸਾ ਨਾਲ ਲੱਗਦੇ ਨੀਵੇਂ ਪਿੰਡਾਂ ਵਿੱਚ ਪਾਣੀ ਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਐਸ.ਐਸ.ਪੀ. ਡਾ. ਨਾਨਕ ਸਿੰਘ ਨਾਲ ਮਿਲ ਕੇ ਨਾਜ਼ੁਕ ਸਥਿਤੀ ਵਾਲੇ ਪਿੰਡਾਂ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਅਤੇ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਵੀ ਬੰਨ੍ਹ ਕਮਜ਼ੋਰ ਲਗ ਰਹੇ ਸੀ ਉੱਥੇ ਮਿੱਟੀ ਪਾ ਕੇ ਮਜ਼ਬੂਤ ਕੀਤੇ ਗਏ ਹਨ ਅਤੇ ਜਿਹੜੇ ਇਲਾਕਿਆਂ ਵਿੱਚ ਪਾਣੀ ਆਇਆ ਉੱਥੋਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਰਾਹਤ ਕੇਂਦਰ ਵਿੱਚ ਪਹੁੰਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਬੁਢਲਾਡਾ ਵਿਖੇ 11 ਅਤੇ ਸਰਦੂਲਗੜ੍ਹ ਵਿਖੇ 9 ਰਾਹਤ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਹੜ੍ਹ ਪ੍ਰਭਾਵਿਤਾਂ ਲਈ ਡਾਕਟਰੀ ਸਹਾਇਤਾ, ਲੰਗਰ, ਪੀਣ ਵਾਲਾ ਪਾਣੀ, ਬਿਸਤਰੇ ਅਤੇ ਪਸ਼ੂਆਂ ਦੇ ਚਾਰੇ ਸਮੇਤ ਹਰ ਤਰ੍ਹਾਂ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਵਿੱਚ ਇਲਾਕੇ ਦੇ ਲੋਕਾਂ, ਐਨ.ਜੀ.ਓਜ਼ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਪਾਣੀ ਘੱਟ ਹੋਣ ’ਤੇ ਬਚਾਅ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਂਦਪੁਰ ਸਮੇਤ ਸਰਦੂਲਗੜ੍ਹ ਘੱਗਰ ਦੇ ਪਾਣੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਘੱਗਰ ਦੀ ਮਾਰ ਹੇਠ ਆਉਂਦੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ, ਪਸ਼ੂਆਂ ਸਮੇਤ ਸੁਰੱਖਿਅਤ ਸਥਾਨਾਂ ’ਤੇ ਪਹੁੰਚਣ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਤੋਂ ਬਚਣ ਅਤੇ ਸਹੀ ਜਾਣਕਾਰੀ ਤੇ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਜਾਰੀ ਕੀਤੇ ਫਲੱਡ ਕੰਟਰੋਲ ਸਹਾਇਤਾ ਨੰਬਰਾਂ ’ਤੇ ਸੰਪਰਕ ਕਰਨ।


         ਇਸ ਮੌਕੇ ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਅਸੁਰੱਖਿਅਤ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਮਾਰ ਹੇਠ ਆਏ ਘਰਾਂ ਵਿੱਚੋਂ ਲਗਾਤਾਰ ਮੋਟਰਬੋਟ ਰਾਹੀਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਹੁਣ ਤੱਕ ਸੈਂਕੜੇ ਲੋਕ ਬਾਹਰ ਆ ਚੁੱਕੇ ਹਨ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਬੀਮਾਰਾਂ, ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਪਹਿਲ ਦੇ ਆਧਾਰ ’ਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।  
ਐਸ.ਡੀ.ਐਮ ਸਰਦੂਲਗੜ੍ਹ ਸ੍ਰੀ ਪ੍ਰਮੋਦ ਸਿੰਗਲਾ ਨੇ ਹਰਿਆਣਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਰਾਬਤਾ ਕਰਦਿਆਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਪੰਜਾਬ ਦੇ ਬਾਰਡਰ ’ਤੇ ਤੈਨਾਤ ਹੈ, ਇਸੇ ਤਰ੍ਹਾਂ ਹਰਿਆਣਾ ਪੁਲਿਸ ਦੀ ਤੈਨਾਤੀ ਵੀ ਯਕੀਨੀ ਬਣਾਈ ਜਾਵੇ ਤਾਂ ਜੋ ਇੱਥੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਂਦਿਆਂ ਬੰਨ੍ਹ ਨੂੰ ਪੂਰਨ ਦੇ ਕੰਮ ਵਿਚ ਲੱਗੀ ਭਾਰਤੀ ਸੈਨਾ ਦੇ ਕਾਰਜ ਵਿਚ ਕੋਈ ਵਿਘਨ ਨਾ ਪਵੇ ਅਤੇ ਜਲਦ ਤੋਂ ਜਲਦ ਬਾਰਡਰ ਦੇ ਦੋਵੇਂ ਪਾਸੇ ਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦਿਵਾਈ ਜਾ ਸਕੇ।

NO COMMENTS