*ਹੈੱਡ ਮਾਸਟਰ ਸਵ: “ਕਰਤਾਰ ਸਿੰਘ ਟਿਵਾਣਾ” ਹਮੇਸ਼ਾਂ ਲੋਕਾਂ ਦੇ ਦਿਲਾਂ ਵਿੱਚ ਵਸਦਾ ਰਹਿਣਗੇ*

0
72

ਮਾਨਸਾ,21.01.2023 (ਸਾਰਾ ਯਹਾਂ/ ਗੁਰਪ੍ਰੀਤ ਸਿੰਘ ਧਾਲੀਵਾਲ  ) : ਮਾਨਸਾ ਦੇ ਖਾਲਸਾ ਹਾਈ ਸਕੂਲ ਦਾ ਨਾਮ ਮੂੰਹ ਤੇ ਆਉਂਦਿਆਂ ਹੀ ਹੈੱਡ ਮਾਸਟਰ “ਕਰਤਾਰ ਸਿੰਘ ਟਿਵਾਣਾ” ਜੀ ਯਾਦ ਆਉਂਦੇ ਹਨ। ਮਿਤੀ 13 ਜਨਵਰੀ 2023 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਜੋ ਕਿ ਕਦੇ ਵੀ ਨਾ ਭੁੱਲਣ ਵਾਲਾ ਵਿਛੋੜਾ ਹੈ। ਸਵ: ਸ੍ਰ ਕਰਤਾਰ ਸਿੰਘ ਟਿਵਾਣਾ ਜੀ ਉਹ ਮਹਾਨ ਸ਼ਖ਼ਸੀਅਤ ਸਨ ਜਿਨ੍ਹਾਂ ਬਾਰੇ ਦੱਸਿਆ ਜਾਵੇ ਤਾਂ ਸ਼ਬਦ ਹੀ ਮੁੱਕ ਜਾਣ। ਉਹ ਹਮੇਸ਼ਾ ਸੱਚ ਦੇ ਨਾਲ ਖੜ੍ਹਨ ਵਾਲੇ ਨੇਕ ਇਨਸਾਨ ਦੇ ਨਾਲ ਨਾਲ ਸਮਾਜ ਸੇਵੀ ਵੀ ਸਨ। 1972 ਤੋਂ 1992 ਤੱਕ ਹੈੱਡ ਮਾਸਟਰ ਰਹੇ ਸਨ। 15 ਸਾਲ ਖਿਆਲਾ ਕਲਾਂ ਦੇ ਸਰਪੰਚ ਅਤੇ ਬਲਾਕ ਸੰਮਤੀ ਦੇ ਮੈਂਬਰ ਵੀ ਰਹੇ। ਗੱਲ ਉਨ੍ਹਾਂ ਦੇ ਪਰਿਵਾਰ ਦੀ ਕਰੀਏ ਤਾਂ ਉਨ੍ਹਾਂ ਦੇ ਛੋਟੇ ਪੁੱਤਰ ਸਵ: ਹਰਜਿੰਦਰ ਸਿੰਘ ਜੱਜ ਬਣੇ ਸਨ, ਉਨ੍ਹਾਂ ਦੇ ਵੱਡੇ ਪੁੱਤਰ ਮਨਿੰਦਰਜੀਤ ਸਿੰਘ ਟਿਵਾਣਾ ਜੋ ਮਾਨਸਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਇੰਡੀਅਨ ਆਰਮੀ ਦੇ ਮੇਜਰ ਜਨਰਲ ਅਫ਼ਸਰ ਰਿਟਾਇਰ ਹੋਏ ਹਨ ਜੋ ਕਿ ਸਾਡੇ ਲਈ ਬਹੁਤ ਵੱਡੀ ਹੀ ਮਾਣ ਵਾਲੀ ਗੱਲ ਹੈ। ਜੋ ਵੀ ਇਨ੍ਹਾਂ ਦੀ ਛਤਰ ਛਾਇਆ ਹੇਠ ਪੜ੍ਹਿਆ ਅੱਜ ਵਧੀਆ ਨੌਕਰੀਆਂ ਤੇ ਹਨ। ਕਈ ਸ਼ਖ਼ਸੀਅਤਾਂ ਤਾਂ ਰਿਟਾਇਰ ਵੀ ਹੋ ਗਈਆਂ ਹਨ। ਕਰਤਾਰ ਸਿੰਘ ਟਿਵਾਣਾ ਦੀ ਖਾਲਸਾ ਹਾਈ ਸਕੂਲ ਨੂੰ ਬਹੁਤ ਵੱਡੀ ਦੇਣ ਹੈ। ਇਨ੍ਹਾਂ ਦੀ ਰਹਿਨੁਮਾਈ ਹੇਠ ਕਿੰਨੇ ਵੱਡੇ-ਵੱਡੇ ਵਕੀਲ, ਜੱਜ, ਅਫ਼ਸਰ ਬਣ ਗਏ ਅਤੇ ਕਿੰਨੇ ਲੀਡਰ। ਇਹ ਮੈਨੂੰ ਦੱਸਣ ਦੀ ਲੋੜ ਨਹੀਂ।ਜਦੋਂ ਵੀ ਖਾਲਸਾ ਹਾਈ ਸਕੂਲ ਦਾ ਨਾਮ ਆਉਂਦਾ ਹੈ ਤਾਂ ਉਨ੍ਹਾਂ ਦਾ ਬੱਬਰ ਸ਼ੇਰ ਵਰਗਾ ਚਿਹਰਾ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਜਿਨ੍ਹਾਂ ਦੀ ਅਵਾਜ਼ ਸੁਣਦਿਆਂ ਹੀ ਸਾਰੇ ਸਕੂਲ ਵਿੱਚ ਖਾਮੋਸ਼ੀ ਛਾ ਜਾਂਦੀ ਸੀ। ਬੱਚੇ ਤਾਂ ਕਿ ਮਾਸਟਰ ਵੀ ਉਨ੍ਹਾਂ ਦੇ ਸਾਹਮਣੇ ਜਾਣ ਤੋਂ ਕਤਰਾਉਂਦੇ ਸਨ। ਮੇਰੇ ਭਰਾ ਜੀ ਨੇ ਉਨ੍ਹਾਂ ਬਾਰੇ ਦੱਸਿਆ ਸੀ ਕਿ ਪੜ੍ਹਦੇ ਸਮੇਂ ਜੇਕਰ ਸਕੂਲ ਦਾ ਕੰਮ ਨਾ ਕੀਤਾ ਹੋਣਾ ਤਾਂ ਕੰਨ੍ਹ ਫੜਾ ਦਿੱਤੇ ਜਾਂਦੇ ਸਨ। ਕੋਈ ਵੱਡੀ ਸਾਰੀ ਗਲ਼ਤੀ ਹੋ ਜਾਂਦੀ ਤਾਂ ਹੈੱਡ ਮਾਸਟਰ ਸ੍ਰ ਕਰਤਾਰ ਸਿੰਘ ਟਿਵਾਣਾ ਜੀ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਸੀ। ਉਨ੍ਹਾਂ ਸਾਹਮਣੇ ਪੇਸ਼ ਹੋਣਾ ਸਮਝੋ ਕਿ ਬੱਬਰ ਸ਼ੇਰ ਸਾਹਮਣੇ ਜਾਣਾ ਹੁੰਦਾ ਸੀ। ਮੈਂ ਇਨ੍ਹਾਂ ਕੋਲ ਤਕਰੀਬਨ ਤਿੰਨ ਕੂ ਸਾਲ ਪੜ੍ਹਿਆ ਹਾਂ ਕਿਉਂਕਿ ਜਦੋਂ ਮੈਂ ਦਸਵੀਂ ਜਮਾਤ ਵਿੱਚ ਹੋਇਆ ਤਾਂ ਸ੍ਰ ਕਰਤਾਰ ਸਿੰਘ ਟਿਵਾਣਾ ਜੀ ਸਾਲ 1992 ਨੂੰ ਰਿਟਾਇਰ ਹੋ ਗਏ ਸਨ। ਇਨ੍ਹਾਂ ਕੋਲ ਮੇਰੇ ਪਿਤਾ ਜੀ, ਮੇਰੇ ਵੱਡੇ ਭਰਾ ਸਵ: ਕਮਲਜੀਤ ਸਿੰਘ ਵੀ ਪੜ੍ਹੇ ਹਨ। ਉਨ੍ਹਾਂ ਦਾ ਰੋਅਬ ਤੇ ਰੁਤਬੇ ਕਰਕੇ ਹੀ ਅੱਜ ਮੈਂ ਵੀ ਇੱਕ ਅਧਿਆਪਕ ਹਾਂ ਅਤੇ ਮੈਨੂੰ ਮਾਣ ਹੈ ਕਿ ਮੈਂ ਉਨ੍ਹਾਂ ਦੇ ਸਕੂਲ ਵਿੱਚ ਅਤੇ ਉਨ੍ਹਾਂ ਦੀ ਛਤਰ ਛਾਇਆ ਹੇਠ ਪੜ੍ਹਿਆ ਹਾਂ। ਅੱਜ ਅਜਿਹੇ ਅਧਿਆਪਕ ਮਿਲਣੇ ਬਹੁਤ ਮੁਸ਼ਕਲ ਹੈ।ਉਹ ਹਮੇਸ਼ਾ ਖਾਲਸਾ ਸਕੂਲ ਦੇ ਨਾਮ ਨਾਲ ਯਾਦ ਰਹਿਣਗੇ ਅਤੇ ਯਾਦ ਕੀਤੇ ਜਾਣਗੇ। ਹੈੱਡ ਮਾਸਟਰ “ਕਰਤਾਰ ਸਿੰਘ ਟਿਵਾਣਾ” ਹਮੇਸ਼ਾਂ ਆਪਣੇ ਵਿਦਿਆਰਥੀਆਂ ਦੇ ਦਿਲਾਂ ਵਿੱਚ ਵਸਦਾ ਰਹਿਣਗੇ।

NO COMMENTS