*ਹੈਲੀਕਾਪਟਰ ਕ੍ਰੈਸ਼ ਦੇ ਚਾਰ ਦਿਨ ਬਾਅਦ ਵੀ ਨਹੀਂ ਹੋ ਪਾਈ ਨਾਇਕ ਗੁਰਸੇਵਕ ਦੀ ਸ਼ਨਾਖਤ*

0
16

ਤਰਨਤਾਰਨ 11,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): 8 ਦਸੰਬਰ ਨੂੰ ਤਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੀਆਂ ਪਹਾੜੀਆਂ ‘ਚ ਵਾਪਰੇ ਹੈਲੀਕਾਪਟਰ ਹਾਦਸੇ ‘ਚ ਭਾਰਤ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ਤੇ ਉਨਾਂ ਦੀ ਪਤਨੀ ਸਮੇਤ 13 ਦੀ ਮੌਤ ਹੋ ਗਈ ਸੀ।ਇਸ ਹਾਦਸੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਸਬ-ਡਵੀਜ਼ਨ ਦੇ ਪਿੰਡ ਦੋਦੇ ਸੋਡੀਆਂ ਦੇ ਨਾਇਕ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਸੀ।

ਇਸ ਘਟਨਾ ਦੇ ਚੌਥੇ ਦਿਨ ਬਾਅਦ ਵੀ ਗੁਰਸੇਵਕ ਦੀ ਮ੍ਰਿਤਕ ਦੇਹ ਹਾਲੇ ਤੱਕ ਉਸ ਦੇ ਪਿੰਡ ਨਹੀਂ ਪੁੱਜੀ ਜਿਸ ਕਾਰਨ ਉਸ ਦਾ ਪਰਿਵਾਰ ਨਮ ਅੱਖਾਂ ਦੇ ਨਾਲ ਗੁਰਸੇਵਕ ਦੀ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਿਹਾ ਹੈ।ਪਰਿਵਾਰ ਦੁੱਖੀ ਹੈ ਅਤੇ ਚਾਰ ਦਿਨ ਬੀਤਣ ਦੇ ਬਾਵਜੂਦ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਗੁਰਸੇਵਕ ਦਾ ਸਸਕਾਰ ਕਦੋਂ ਹੋਵੇਗਾ। 

ਗੁਰਸੇਵਕ 2004 ‘ਚ ਭਾਰਤੀ ਫੌਜ ‘ਚ ਭਰਤੀ ਹੋਇਆ ਸੀ ਤੇ ਅੱਠ ਭੈਣ ਭਰਾਵਾਂ ‘ਚੋਂ ਪੰਜਵੇਂ ਸਥਾਨ ਸੀ। ਗੁਰਸੇਵਕ ਆਪਣੇ ਪਿੱਛੇ ਪਤਨੀ ਜਸਪ੍ਰੀਤ ਕੌਰ ਤੇ ਤਿੰਨ ਬੱਚੇ (ਦੋ ਬੇਟੀਆਂ, ਇਕ ਬੇਟਾ) ਛੱਡ ਗਿਆ ਹੈ। ਗੁਰਸੇਵਕ ਦੇ ਪਿਤਾ ਕਾਬਲ ਸਿੰਘ ਦੇ ਖੂਨ ਦੇ ਸੈਂਪਲ ਫ਼ੌਜ ਦੇ ਅਧਿਕਾਰੀ ਉਨਾਂ ਦੇ ਘਰ ਤੋਂ ਲੈ ਕੇ ਗਏ ਹਨ ਤੇ ਹਾਲੇ ਤਕ ਸ਼ਨਾਖਤ ਨਹੀਂ ਹੋ ਸਕੀ ਹੈ। 

ਤਰਨਤਾਰਨ ਦੇ ਡੀਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਹਾਲੇ ਤਕ ਸ਼ਨਾਖਤ ਨਹੀਂ ਹੋਈ ਹੈ।ਫੌਜ ਵੱਲੋਂ ਜਾਣਕਾਰੀ ਆਉਣ ਤੇ ਹੀ ਪਰਿਵਾਰ ਨੂੰ ਸੂਚਨਾ ਦਿੱਤੀ ਜਾਏਗੀ। ਪਰਿਵਾਰ ਦਾ ਰੌ-ਰੌ ਕੇ ਬੁਰਾ ਹਾਲ ਹੈ ਤੇ ਦੁੱਖ ਵੰਡਾਉਣ ਲਈ ਰਿਸ਼ਤੇਦਾਰ ਤੇ ਪਿੰਡ ਦੇ ਲੋਕ ਪੁੱਜ ਰਹੇ ਹਨ।

ਪਰਿਵਾਰ ਦਾ ਕਹਿਣਾ ਹੈ ਕਿ ਗੁਰਸੇਵਕ ਨੇ ਕਦੇ ਵੀ ਨਹੀਂ ਦੱਸਿਆ ਕਿ ਉਸ ਦੀ ਡਿਊਟੀ ਜਨਰਲ ਬਿਪਿਨ ਰਾਵਤ ਦੇ ਨਾਲ ਹੈ।ਪਿਤਾ ਨੇ ਦੱਸਿਆ ਕਿ ਗੁਰਸੇਵਕ ਇਹੀ ਕਹਿੰਦਾ ਸੀ ਕਿ ਕਿਸੇ ਵੱਡੇ ਅਧਿਕਾਰੀ ਨਾਲ ਉਸ ਦੀ ਡਿਊਟੀ ਹੈ। ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਬੱਚੇ ਛੋਟੇ ਹਨ ਤੇ ਸਰਕਾਰ ਨੂੰ ਉਨਾਂ ਦੇ ਬੱਚਿਆਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।

NO COMMENTS