*ਹੁਣ ਹੜ੍ਹ ਦੀ ਮਾਰ! ਡ੍ਰੇਨ ‘ਚ ਪਾੜ ਪੈਣ ਨਾਲ ਸੈਂਕੜੇ ਏਕੜ ਫਸਲ ਤਬਾਹ*

0
77

ਸੰਗਰੂਰ 30ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਜ਼ਿਲ੍ਹਾ ਸੰਗਰੂਰ ਦੇ ਪਿੰਡ ਲਦਾਲ ਕੋਲੋਂ ਲੰਘਦੀ ਲਦਾਲ ਡਰੇਨ ਦੀ ਲਿੰਕ ਡਰੇਨ ਵਿੱਚ 50-60 ਫੁੱਟ ਚੌੜਾ ਪਾੜ ਪੈਣ ਕਰਕੇ ਲਗਪਗ 400 ਏਕੜ ਰਕਬੇ ਵਿੱਚ ਪਾਣੀ ਭਰ ਗਿਆ ਹੈ। ਇਸ ਕਰਕੇ ਜੀਰੀ, ਨਰਮਾ, ਚਰ੍ਹੀ ਆਦਿ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਪਾਣੀ ਦਾ ਨਿਕਾਸ ਨਾ ਹੋਣ ਕਰਕੇ ਫਸਲ ਦਾ ਖਰਾਬ ਹੋਣਾ ਤੈਅ ਹੈ। ਦੂਜੇ ਪਾਸੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਡ੍ਰੇਨ ਦੀ ਬਾਕਾਇਦਾ ਸਫਾਈ ਵੀ ਕਰਵਾਈ ਗਈ ਸੀ।

ਪੀੜਤ ਕਿਸਾਨ ਟਹਿਲ ਸਿੰਘ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਇੱਥੋਂ ਡਰੇਨ ਟੁੱਟਦੀ ਹੈ, ਪਰ ਮਹਿਕਮੇ ਨੇ ਕਦੇ ਵੀ ਸਾਡੀ ਸਾਰ ਨਹੀਂ ਲਈ। ਪਿਛਲੇ ਸਾਲ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਸੀ, ਪਰ ਕਿਸੇ ਲੀਡਰ ਜਾਂ ਮਹਿਕਮੇ ਨੇ ਕੋਈ ਗੇੜਾ ਨਹੀਂ ਮਾਰਿਆ ਸਿਵਾਏ ਆਪ ਆਗੂ ਹਰਪਾਲ ਸਿੰਘ ਚੀਮਾ ਦੇ, ਉਹ ਵੀ ਸਿਰਫ ਦੋ ਮਿੰਟ ਖੜ੍ਹ ਕੇ ਚਲੇ ਗਏ।

ਕਿਸਾਨਾਂ ਦੱਸਿਆ ਕਿ ਇਸ ਵਾਰ ਪਾਣੀ ਚਾਰ ਗੁਣਾ ਜ਼ਿਆਦਾ ਆਇਆ ਅਤੇ ਪਾੜ ਪੈਣ ਕਰਕੇ ਖੇਤਾਂ ਵਿੱਚ ਛੇ-ਛੇ ਫੁੱਟ ਵੀ ਪਾਣੀ ਖੜ੍ਹਾ ਹੈ ਤੇ ਪਾਣੀ ਦੀ ਮਾਤਰਾ ਪਿੱਛੋਂ ਲਗਾਤਾਰ ਵਧਦੀ ਜਾ ਰਹੀ ਹੈ। ਕਿਸਾਨ ਬਲਜਿੰਦਰ ਸਿੰਘ ਤੇ ਹੋਰਾਂ ਨੇ ਕਿਹਾ ਕਿ ਕੋਈ ਅਧਿਕਾਰੀ ਜਾਂ ਬੇਲਦਾਰ ਤਕ ਨਹੀਂ ਆਉਂਦਾ ਕਿਤੇ ਸਫ਼ਾਈ ਨਹੀਂ ਹੁੰਦੀ ਪਰ ਕੰਮ ਦੇ ਨਾਂ ‘ਤੇ ਟੈਂਡਰ ਲੱਗ ਜਾਂਦਾ ਹੈ ਤੇ ਸਾਰਾ ਪੈਸਾ ਆਪਸ ਵਿੱਚ ਵੰਡ ਕੇ ਖਾ ਲਿਆ ਜਾਂਦਾ ਹੈ।

ਮੌਕੇ ’ਤੇ ਹਾਜਰ ਡਰੇਨ ਵਿਭਾਗ ਦੇ ਇੰਜੀਨੀਅਰ ਰਾਜਪਾਲ ਸਿੰਘ ਦਾ  ਕਹਿਣਾ ਹੈ ਕਿ ਅੜਕਵਾਸ ਤੋਂ ਬਰੇਟਾ ਤੱਕ ਕਰੀਬ 4.25 ਕਿਲੋਮੀਟਰ ’ਚ 36 ਬੁਰਜੀਆਂ ਹਨ ਤੇ 11000 ਬੁਰਜੀ ਨੇੜੇ ਪਾਡ਼ ਪੈਣ ਕਰਕੇ ਵਿਭਾਗ ਤੁਰੰਤ ਹਰਕਤ ’ਚ ਆਇਆ ਅਤੇ ਜੇਸੀਬੀ ਮਸ਼ੀਨਾਂ ਲਾਕੇ ਪਾੜ ਪੂਰਿਆ ਜਾ ਰਿਹਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਵੱਲੋਂ ਠੇਕੇਦਾਰ ਗੁਰਨਾਮ ਸਿੰਘ ਰਾਹੀਂ 3.50 ਲੱਖ ਰੁਪਏ ਨਾਲ ਸਫਾਈ ਕਰਵਾਈ ਗਈ ਸੀ। ਘਟਨਾ ਸਥਾਨ ‘ਤੇ ਇਕੱਠੇ ਹੋਏ ਪੀੜਤ ਕਿਸਾਨਾਂ ਨੇ ਜਿੱਥੇ ਸਰਕਾਰ ਤੋਂ ਪੂਰੇ ਮੁਆਵਜ਼ੇ ਦੀ ਮੰਗ ਕੀਤੀ ਹੈ, ਉੱਥੇ ਹੀ ਫੰਡਾਂ ਵਿੱਚ ਹੁੰਦੇ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ।

NO COMMENTS