*ਹੁਣ ਹੜ੍ਹਾਂ ਦਾ ਖਤਰਾ, ਘੱਗਰ ‘ਚ ਫ਼ਿਰ ਚੜ੍ਹਿਆ ਪਾਣੀ, ਕਿਸਾਨਾਂ ਦੇ ਸਾਹ ਸੂਤੇ*

0
88

ਸੰਗਰੂਰ 22,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਇੱਥੋਂ ਦੇ ਮੂਨਕ ਖੇਤਰ ‘ਚ ਘੱਗਰ ਨਦੀ ‘ਚ ਤੇਜ਼ੀ ਨਾਲ ਵਧ ਰਹੇ ਪਾਣੀ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ। ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਘੱਗਰ ਨਦੀ ਦੇ ਕਿਨਾਰਿਆਂ ਨੂੰ ਮਜਬੂਤ ਕਰ ਦਿੱਤਾ ਗਿਆ ਹੈ ਪਰ ਜਿਵੇਂ ਹੀ ਪਾਣੀ ਦਾ ਪੱਧਰ 742.7 ਫੁੱਟ ‘ਤੇ ਪਹੁੰਚਿਆ ਤਾਂ ਘੱਗਰ ਦੇ ਕਿਨਾਰੇ ਖਿਸਕਣ ਲੱਗੇ। ਰਾਤ ਦੇ ਸਮੇਂ ਕਿਸਾਨ ਘੱਗਰ ਦੇ ਕਿਨਾਰਿਆਂ ‘ਤੇ ਲਾਈਟਾਂ ਲਾ ਕੇ ਪਹਿਰਾ ਦੇ ਰਹੇ ਹਨ।

ਦੋ ਸਾਲ ਪਹਿਲਾਂ ਵੀ ਇੱਥੇ ਘੱਗਰ ਨਦੀ ‘ਚ ਦਰਾਰ ਆਉਣ ਕਾਰਨ ਕਿਸਾਨਾਂ ਦੀ 10,000 ਏਕੜ ਫਸਲ ਬਰਬਾਦ ਹੋ ਗਈ ਸੀ ਪਰ ਅੱਜ ਫਿਰ ਘੱਗਰ ਉਛਾਲ ‘ਤੇ ਹੈ ਤੇ ਇਸ ਦੇ ਕਿਨਾਰੇ ਕਿਸਾਨ ਪਹਿਰਾ ਦੇ ਰਹੇ ਹਨ। ਬੇਸ਼ੱਕ ਪ੍ਰਸ਼ਾਸਨ ਕਿਨਾਰਿਆਂ ਨੂੰ ਮਜਬੂਤ ਕਰਨ ਦੇ ਦਾਅਵੇ ਕਰ ਰਿਹਾ ਹੈ ਪਰ ਸੱਚਾਈ ਕੁਝ ਹੋਰ ਹੈ।

ਜੋ ਬੋਰੀਆਂ ਭਰ ਕੇ ਮਿੱਟੀ ਲਾਈ ਗਈ, ਉਹ ਘੱਗਰ ਦੇ ਪਾਣੀ ‘ਚ ਵਹਿ ਗਈ ਤੇ ਪ੍ਰਸ਼ਾਸਨ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਉਸ ਦੇ ਕਿਨਾਰਿਆਂ ਨੂੰ ਮਜਬੂਤ ਕਰਨ ਲਈ ਕੋਸ਼ਿਸ਼ ਕਰ ਰਿਹਾ ਹੈ ਪਰ ਹੱਥ ਪੱਲੇ ਕੁਝ ਨਹੀਂ ਪੈ ਰਿਹਾ। ਹੁਣ ਖੁਦ ਕਿਸਾਨਾਂ ਨੇ ਜ਼ਿੰਮਾ ਸਾਂਭਿਆ ਹੈ। ਕਿਸਾਨਾਂ ਨੇ ਆਸਪਾਸ ਦੇ ਦਰਖ਼ਤ ਤੋੜ ਕੇ ਘੱਗਰ ਦੇ ਕਿਨਾਰੇ ਲਾਏ ਹਨ। ਰਾਤ ਨੂੰ ਲਾਈਟਾਂ ਲਾਕੇ ਕਿਸਾਨ ਪਹਿਰੇ ਦੇ ਰਹੇ ਹਨ।

ਪ੍ਰਸ਼ਾਸਨ ਵੱਲੋਂ ਜੋ ਮਨਰੇਗਾ ਮਜਦੂਰ ਲਾਏ ਗਏ ਸਨ, ਉਹ ਆਪਣਾ ਕੰਮ ਕਰਕੇ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਸਵੇਰ ਤੋਂ ਮਿੱਟੀ ਦੀਆਂ ਬੋਰੀਆਂ ਭਰ ਕੇ ਲਾ ਰਹੇ ਹਾਂ ਪਰ ਕਿਸੇ ਨੇ ਪਾਣੀ ਤਕ ਮੁਹੱਈਆ ਨਹੀਂ ਕਰਵਾਇਆ। ਕਿਸਾਨ ਵੀ ਬੋਲੇ ਪਹਿਲਾਂ ਪ੍ਰਸ਼ਾਸਨ ਸੌਂ ਰਿਹਾ ਸੀ ਹੁਣ ਘੱਗਰ ‘ਚ ਪਾਣੀ ਆ ਗਿਆ ਤੇ ਪ੍ਰਸ਼ਾਸਨ ਵੀ ਆ ਗਿਆ।  

NO COMMENTS