ਚੰਡੀਗੜ੍ਹ 14,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ):: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਨਕਮ ਟੈਕਸ ਵਿਭਾਗ ਖ਼ਿਲਾਫ਼ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ 27 ਜੁਲਾਈ ਤਕ ਮੁਲਤਵੀ ਕਰ ਦਿੱਤੀ ਹੈ। ਆਪਣੀ ਪਟੀਸ਼ਨ ‘ਚ ਸਿੱਧੂ ਨੇ ਇਨਕਮ ਟੈਕਸ ਕਮਿਸ਼ਨਰ ਦੁਆਰਾ ਆਪਣੀ ਮੁੜ-ਵਿਚਾਰ ਅਰਜ਼ੀ ਨੂੰ ਖਾਰਜ ਕਰਨ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ।
ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2016-17 ‘ਚ ਉਸ ਦੀ ਆਮਦਨ 9,66,28,470 ਸੀ, ਪਰ ਆਮਦਨ ਟੈਕਸ ਵਿਭਾਗ ਉਨ੍ਹਾਂ ਦੀ ਆਮਦਨ ਨੂੰ 13,19,66,530 ਰੁਪਏ ਦੱਸ ਰਿਹਾ ਹੈ। ਇਸ ਦੇ ਵਿਰੁੱਧ ਅੰਮ੍ਰਿਤਸਰ ਦੇ ਜੁਆਇੰਟ ਕਮਿਸ਼ਨਰ ਆਫ਼ ਇਨਕਮ ਟੈਕਸ ਸਾਹਮਣੇ ਸਮੀਖਿਆ ਅਰਜ਼ੀ ਦਾਇਰ ਕੀਤੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ।
ਨਵਜੋਤ ਸਿੱਧੂ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇਨਕਮ ਟੈਕਸ ਦੇ ਸੰਯੁਕਤ ਕਮਿਸ਼ਨਰ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ ਤਹਿਤ ਸੰਯੁਕਤ ਕਮਿਸ਼ਨਰ ਨੇ ਉਨ੍ਹਾਂ ਦੀ ਮੁੜ-ਵਿਚਾਰ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਮੰਗਲਵਾਰ ਨੂੰ ਹਾਈਕੋਰਟ ਦੇ ਜਸਟਿਸ ਅਜੇ ਤਿਵਾੜੀ ਤੇ ਜਸਟਿਸ ਵਿਕਾਸ ਬਹਿਲ ‘ਤੇ ਅਧਾਰਤ ਬੈਂਚ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਦਿਆਂ ਸੁਣਵਾਈ 27 ਜੁਲਾਈ ਤੱਕ ਮੁਲਤਵੀ ਕਰ ਦਿੱਤੀ।
ਦੱਸ ਦੇਈਏ ਕਿ ਨਵਜੋਤ ਸਿੱਧੂ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਕਦੇ ਉਹ ਸਿਆਸੀ ਸੁਰਖੀਆਂ ‘ਚ ਰਹਿੰਦੇ ਹਨ ਤੇ ਕਦੇ ਬਿਜਲੀ ਬਿੱਲ ਨਾ ਅਦਾ ਕਰਨ ਦੇ ਮਾਮਲੇ ‘ਚ। ਹਾਲਾਂਕਿ ਮੀਡੀਆ ‘ਚ ਬਿਜਲੀ ਬਿੱਲ ਜਮ੍ਹਾ ਨਾ ਕੀਤੇ ਜਾਣ ਦੇ ਮੁੱਦੇ ਤੋਂ ਬਾਅਦ ਸਿੱਧੂ ਨੇ ਅਗਲੇ ਹੀ ਦਿਨ ਇਸ ਨੂੰ ਪੇਸ਼ ਕੀਤਾ। ਸਿੱਧੂ ਇਨ੍ਹੀਂ ਦਿਨੀਂ ਆਪਣੇ ਟਵੀਟਸ ਜ਼ਰੀਏ ਸੁਰਖੀਆਂ ‘ਚ ਹਨ। ਉਹ ਆਪਣੀ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ੋਰਦਾਰ ਨਿਸ਼ਾਨਾ ਬਣਾ ਰਹੇ ਹਨ।
ਹਾਲ ਹੀ ਵਿੱਚ ਪੰਜਾਬ ਕਾਂਗਰਸ ‘ਚ ਹੰਗਾਮੇ ਤੋਂ ਬਾਅਦ ਹਾਈਕਮਾਨ ਨੂੰ ਇਸ ਮਾਮਲੇ ‘ਚ ਦਖਲ ਦੇਣਾ ਪਿਆ ਸੀ। ਹਾਈਕਮਾਨ ਨੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਪੰਜਾਬ ਦੇ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਤੇ ਪਾਰਟੀ ਦੇ ਕਾਰਕੁਨਾਂ ਨਾਲ ਮੀਟਿੰਗਾਂ ਕੀਤੀਆਂ ਪਰ ਸਿੱਧੂ ਫਿਰ ਵੀ ਚੁੱਪ ਨਹੀਂ ਰਹੇ। ਉਹ ਲਗਾਤਾਰ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਕਰ ਰਹੇ ਹਨ।