ਚੰਡੀਗੜ੍ਹ ,1 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਇੱਕ ਕੇਸ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਕਿਸੇ ਵੱਲੋਂ ਚਲਾਈ ਗੋਲੀ ਕਿਸੇ ਨੂੰ ਨਹੀਂ ਲੱਗਦੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਨਿਰਦੋਸ਼ ਹੈ। ਇਸ ਕੇਸ ਵਿੱਚ ਪਟੀਸ਼ਨਕਰਤਾ ਵੱਲੋਂ ਚਲਾਈ ਗੋਲੀ ਪੀੜਤ ਨੂੰ ਨਹੀਂ ਲੱਗੀ, ਇਸ ਅਧਾਰ ‘ਤੇ ਜ਼ਮਾਨਤ ਦਾ ਹੱਕ ਉਸ ਨੂੰ ਨਹੀਂ ਦਿੱਤਾ ਜਾ ਸਕਦਾ।
ਪਟੀਸ਼ਨਰ ਲੁਧਿਆਣਾ ਨਿਵਾਸੀ ਜਤਿੰਦਰ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਨੇ ਸ਼ਿਕਾਇਤਕਰਤਾ ਦੇ ਪਿਤਾ ‘ਤੇ ਗੋਲੀ ਨਹੀਂ ਚਲਾਈ ਸੀ, ਬਲਕਿ ਹਵਾ ਵਿੱਚ ਫਾਇਰਿੰਗ ਕੀਤੀ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਜਦੋਂ ਗੋਲੀ ਕਿਸੇ ਨੂੰ ਲੱਗੀ ਤੱਕ ਨਹੀਂ, ਤਾਂ ਉਸ ਉੱਤੇ ਕਤਲ ਦੀ ਕੋਸ਼ਿਸ਼ ਦੀ ਧਾਰਾ ਕਿਵੇਂ ਲਾਈ ਜਾ ਸਕਦੀ ਹੈ। ਜ਼ਮਾਨਤ ਦਾ ਵਿਰੋਧ ਕਰਦਿਆਂ, ਪੰਜਾਬ ਸਰਕਾਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਪਿਤਾ ‘ਤੇ ਗੋਲੀ ਚਲਾਈ ਗਈ ਸੀ, ਪਰ ਨਿਸ਼ਾਨਾ ਖੁੰਝਣ ਕਾਰਨ ਗੋਲੀ ਲੱਗੀ ਨਹੀਂ। ਇਸ ਲਈ ਪਟੀਸ਼ਨਕਰਤਾ ਦੀ ਹਿਰਾਸਤ ਜ਼ਰੂਰੀ ਹੈ, ਕਿਉਂਕਿ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ।
ਹਾਈ ਕੋਰਟ ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਪਿਤਾ ਬਚ ਗਿਆ ਇਹ ਗੱਲ ਪਟੀਸ਼ਨਰ ਨੂੰ ਕਤਲ ਦੀ ਕੋਸ਼ਿਸ਼ ਤੋਂ ਬਚਾਉਣ ਲਈ ਕਾਫ਼ੀ ਨਹੀਂ। ਜਿਸ ਹਾਲਾਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਲਈ ਪਟੀਸ਼ਨਕਰਤਾ ਦੀ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ ਤਾਂ ਕਿ ਹਥਿਆਰ ਬਰਾਮਦ ਕੀਤਾ ਜਾ ਸਕੇ। ਹਾਈ ਕੋਰਟ ਦੇ ਜਸਟਿਸ ਐਚਐਸ ਸੇਠੀ ਨੇ ਕਿਹਾ ਕਿ ਜੇ ਪਟੀਸ਼ਨਰ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਇਹ ਕੇਸ ਦੀ ਜਾਂਚ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਜ਼ਮਾਨਤ ਦੀ ਮੰਗ ਨੂੰ ਰੱਦ ਕਰ ਦਿੱਤਾ।