ਹੁਣ ਪੰਜਾਬ ਦੇ ਹਸਪਤਾਲ ਹੋ ਸਕਦੇ ਖਾਲੀ, ਕਿਸਾਨਾਂ ਨਾਲ ਡਟਣ ਲਈ ਦਿੱਲੀ ਰਵਾਨਾ ਹੋਏ ਡਾਕਟਰ ਮਾਨਸਾ ਤੋਂ ਸ਼ੁਰੂਆਤ

0
786

ਮਾਨਸਾ 4,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ਲਈ ਜਿੱਥੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਖੇਤੀ ਬਿੱਲ ਦੇ ਵਿਰੋਧ ਵਿੱਚ ਦਿੱਲੀ ਬਾਰਡਰ ‘ਤੇ ਮੋਰਚਾ ਲਾਇਆ ਹੋਇਆ ਹੈ, ਉੱਥੇ ਹੀ ਉਨ੍ਹਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਅਜਿਹੇ ‘ਚ ਕਿਸਾਨਾਂ ਨੂੰ ਸਰਕਾਰੀ ਡਾਕਟਰਾਂ ਦਾ ਸਾਥ ਵੀ ਮਿਲਣ ਜਾ ਰਿਹਾ ਹੈ। ਜੀ ਹਾਂ, ਮਾਨਸਾ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਛੁੱਟੀਆਂ ਲੈ ਕੇ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਜਾਣ ਦਾ ਫੈਸਲਾ ਕੀਤਾ ਹੈ। ਜਿੱਥੇ ਉਹ ਕਿਸਾਨਾਂ ਨੂੰ ਮੁਫਤ ਦਵਾਈਆਂ ਤੇ ਸਿਹਤ ਸਹੂਲਤਾਂ ਦੇਣਗੇ।

ਮਾਨਸਾ ਦੇ ਸਰਕਾਰੀ ਡਾਕਟਰਾਂ ਨੇ ਛੁੱਟੀ ਲੈ ਕੇ ਦਿੱਲੀ ਦੇ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਡਾਕਟਰਾਂ ਦਾ ਪੰਜ ਮੈਂਬਰੀ ਸਮੂਹ ਬਾਰਡਰ ‘ਤੇ ਤਿੰਨ ਰੋਜ਼ਾ ਮੁਫਤ ਮੈਡੀਕਲ ਕੈਂਪ ਲਾਏਗਾ। ਸਮਰਥਨ ਦੇਣ ਲਈ ਦਿੱਲੀ ਜਾਂਦੇ ਹੋਏ ਡਾ. ਅਰਸ਼ਦੀਪ ਸਿੰਘ ਤੇ ਡਾ. ਵਿਸ਼ਵਦੀਪ ਸਿੰਘ ਨੇ ਕਿਹਾ ਕਿ ਉਹ ਖੇਤੀ ਨਾਲ ਸਬੰਧਤ ਤਾਂ ਨਹੀਂ ਪਰ ਸਾਨੂੰ ਇਸ ਕਿੱਤੇ ਤੋਂ ਹੀ ਰੋਟੀ ਮਿਲਦੀ ਹੈ। ਜੇਕਰ ਕਿਸਾਨ ਨਾਖੁਸ਼ ਹੈ ਤੇ ਸਾਨੂੰ ਉਨ੍ਹਾਂ ਦੇ ਹੱਕ ਦੀ ਲੜਾਈ ‘ਚ ਹਿੱਸਾ ਲੈਣ ਦੀ ਜ਼ਰੂਰਤ ਹੈ। ਇਸੇ ਲਈ ਉਹ ਦਫ਼ਤਰ ਤੋਂ ਛੁੱਟੀ ਲੈ ਕੇ ਦਿੱਲੀ ਵਿੱਚ ਮੁਫਤ ਮੈਡੀਕਲ ਕੈਂਪ ਲਗਾ ਕੇ ਤੇ ਕਿਸਾਨ ਨੂੰ ਮੁਫਤ ਦਵਾਈਆਂ ਦੇ ਕੇ ਮਦਦ ਕਰਨਗੇ।

ਦੂਜੇ ਪਾਸੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਜੋ ਡਾਕਟਰਾਂ ਨੂੰ ਰਵਾਨਾ ਕਰਨ ਪਹੁੰਚੇ, ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਹੁਣ ਸਿਰਫ ਕਿਸਾਨ ਦੀ ਹੀ ਨਹੀਂ ਬਲਕਿ ਹਰ ਵਰਗ ਦੀ ਹੋ ਗਈ ਹੈ ਜਿਸ ਕਾਰਨ ਹੁਣ ਹਰ ਵਰਗ ਦੇ ਲੋਕ ਦਿੱਲੀ ਜਾਣ ਲਈ ਤਿਆਰ ਹੋ ਰਹੇ ਹਨ। ਅਸੀਂ ਲੋਕਾਂ ਨੂੰ ਲਾਮਬੰਦ ਵੀ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿਚ ਬਹੁਤ ਸਾਰੇ ਲੋਕ ਦਿੱਲੀ ਧਰਨੇ ਵਿੱਚ ਸ਼ਾਮਲ ਹੋਣਗੇ।

NO COMMENTS