*ਹੁਣ ਢੀਂਡਸਾ ਵੀ ਬੀਜੇਪੀ ਨਾਲ ਗੱਠਜੋੜ ਲਈ ਤਿਆਰ, ਜਲਦ ਹੋ ਸਕਦਾ ਐਲਾਨ*

0
60

ਚੰਡੀਗੜ੍ਹ 19,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼):  ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਵੀ ਬੀਜੇਪੀ ਨਾਲ ਚੋਣ ਗੱਠਜੋੜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਅਜੇ ਇਸ ਬਾਰੇ ਕੋਈ ਸਪਸ਼ਟ ਐਲਾਨ ਨਹੀਂ ਕੀਤਾ ਪਰ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਗੱਠਜੋੜ ਲਈ ਤਿਆਰ ਹਨ। ਚਰਚਾ ਹੈ ਕਿ ਇਸ ਬਾਰੇ ਢੀਂਡਸਾ ਤੇ ਬੀਜੇਪੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਦੀ ਮੀਟਿੰਗ ਹੋਈ ਹੈ।

ਦੋਵਾਂ ਲੀਡਰਾਂ ਦੀ ਮੀਟਿੰਗ ਵਿੱਚ ਚੋਣਾਂ ਦੀ ਰਣਨੀਤੀ ਬਾਰੇ ਚਰਚਾ ਹੋਈ ਹੈ ਪਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਅਜੇ ਅੰਤਿਮ ਫੈਸਲਾ ਲੈਣਾ ਹੈ। ਇਸ ਲਈ ਜਲਦ ਹੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਵਿੱਚ ਫੈਸਲਾ ਲਿਆ ਜਾਏਗਾ।

ਦਰਅਸਲ ਢੀਂਡਸਾ ਬੀਜੇਪੀ ਤੇ ਕੈਪਟਨ ਅਮਰਿੰਦਰ ਦੀ ਪਾਰਟੀ ਨਾਲ ਗੱਠਜੋੜ ਕਰਨ ਦੇ ਪੱਖ ਵਿੱਚ ਹਨ ਪਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਕਈ ਲੀਡਰ ਦੋਚਿੱਤੀ ਵਿੱਚ ਹਨ। ਇਸ ਬਾਰੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀ ਮੀਟਿੰਗ ਹੋਈ ਸੀ ਜਿਸ ਵਿੱਚ ਕੁਝ ਲੀਡਰਾਂ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਕਰਕੇ ਬਣੇ ਹਾਲਾਤ ਵਿੱਚ ਬੀਜੇਪੀ ਨਾਲ ਗੱਠਜੋੜ ਦਾ ਫਾਇਦਾ ਨਹੀਂ ਸਗੋਂ ਨੁਕਸਾਨ ਹੋ ਸਕਦਾ ਹੈ।

ਲੀਡਰਾਂ ਦੀ ਦਲੀਲ ਸੀ ਕਿ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਬੀਜੇਪੀ ਨੂੰ ਲੋਕ ਮੂੰਹ ਲਾਉਣ ਲਈ ਤਿਆਰ ਨਹੀਂ। ਇਸ ਲਈ ਦਿਹਾਤੀ ਖੇਤਰ ਵਿੱਚ ਆਧਾਰ ਰੱਖਣ ਵਾਲੀ ਕਿਸੇ ਵੀ ਪਾਰਟੀ ਨੂੰ ਭਾਜਪਾ ਨਾਲ ਸਾਂਝ ਪਾਉਣ ਦਾ ਲਾਭ ਹੋਣ ਦੀ ਥਾਂ ਹਾਨੀ ਹੋ ਸਕਦੀ ਹੈ। ਅਜਿਹੇ ਵਿਚਾਰ ਸਾਹਮਣੇ ਆਉਣ ਤੋਂ ਬਾਅਦ ਢੀਂਡਸਾ ਧੜੇ ਨੇ ਭਾਜਪਾ ਨਾਲ ਗੱਠਜੋੜ ਦਾ ਅਮਲ ਲਟਕਾ ਦਿੱਤਾ ਸੀ। 

NO COMMENTS