ਵਿਦਿਆਰਥੀ ਨੂੰ ਡਰਨ ਦੀ ਲੋਡ ਨਹੀਂ ਵਿਦਿਆਰਥੀ ਹੋਣਗੇ ਪ੍ਰਮੋਟ, ਪੰਜਾਬ ਸਰਕਾਰ ਦਾ ਨਵਾਂ ਐਲਾਨ ..!!

0
249

ਚੰਡੀਗੜ੍ਹ  6 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ)  : ਪੰਜਾਬ ਸਰਕਾਰ ਨੇ ਸਰਕਾਰੀ ਤੇ ਨਿੱਜੀ ਯੂਨੀਵਰਸਿਟੀਆਂ ‘ਚ ਇਮਤਿਹਾਨਾਂ ਨੂੰ ਲੈ ਕੇ ਪੈਦਾ ਹੋਏ ਸ਼ਸ਼ੋਪੰਜ ਨੂੰ ਦੂਰ ਕਰਦਿਆਂ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਇਮਤਿਹਾਨ ਨਹੀਂ ਹੋਣਗੇ। ਸਰਕਾਰ ਨੇ ਇਸ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਮੁਤਾਬਕ ਵਿਦਿਆਰਥੀਆਂ ਨੂੰ ਪਿਛਲੇ ਸਾਲ ਹੋਈ ਪ੍ਰੀਖਿਆ ਦੇ ਅੰਕ ਜਾਂ ਗ੍ਰੇਡ ਦੇ ਆਧਾਰ ‘ਤੇ ਪ੍ਰਮੋਟ ਕੀਤਾ ਜਾ ਸਕੇਗਾ।

ਇਸੇ ਆਧਾਰ ‘ਤੇ ਸਾਰੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਡਿਗਰੀ ਡਿਪਲੋਮਾ ਦਿੱਤਾ ਜਾ ਸਕੇਗਾ। ਸੂਬਾ ਸਰਕਾਰ ਨੇ ਸਾਰੀਆਂ ਨਿੱਜੀ ਤੇ ਸਰਕਾਰੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਸਪਸ਼ਟ ਕੀਤਾ ਹੈ ਕਿ ਕੋਰਸ ਦੇ ਆਖਰੀ ਸਾਲ ਜਾਂ ਵਿੱਚ ਵਾਲੀਆਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਆਪਣੀ ਇੱਛਾ ਮੁਤਾਬਕ ਆਪਣੇ ਗ੍ਰੇਡ ਤੇ ਅੰਕਾਂ ‘ਚ ਸੁਧਾਰ ਲਈ ਪ੍ਰੀਖਿਆ ਦੇਣ ਦਾ ਵਿਕਲਪ ਵੀ ਦਿੱਤਾ ਜਾਵੇਗਾ।

ਵਿਦਿਆਰਥੀਆਂ ਨੂੰ ਅਗਲੀ ਕਲਾਸ, ਸਮੈਸਟਰ ‘ਚ ਪ੍ਰਮੋਟ ਕੀਤਾ ਜਾਵੇਗਾ ਪਰ ਜਿਹੜੇ ਵਿਦਿਆਰਥੀਆਂ ਦੇ ਔਸਤ ਗ੍ਰੇਡ, ਅੰਕ ਜਾਂ CGPA ਘੱਟੋ-ਘੱਟ ਪਾਸ ਅੰਕਾਂ, ਗ੍ਰੇਡ ਜਾਂ CGPA ਤੋਂ ਘੱਟ ਹੈ, ਉਨ੍ਹਾਂ ਨੂੰ ਉਸ ਸਮੈਸਟਰ ਦੀ ਪ੍ਰੀਖਿਆ ਦੇਣੀ ਹੀ ਪਏਗੀ। ਇਸ ਤੋਂ ਬਾਅਦ ਹੀ ਉਨ੍ਹਾਂ ਡਿਗਰੀ ਦਿੱਤੀ ਜਾਵੇਗੀ।

ਹਰ ਯੂਨੀਵਰਸਿਟੀ ਨੂੰ ਆਪਣੇ ਨਿਯਮਾਂ ਨੂੰ ਧਿਆਨ ‘ਚ ਰੱਖਦਿਆਂ ਵਿਦਿਆਰਥੀਆਂ ਨੂੰ ਪ੍ਰਮੋਟ ਕਰਨ ਦੀ ਆਗਿਆ ਹੈ। ਜੇਕਰ ਕੋਈ ਯੂਨੀਵਰਸਿਟੀ ਆਨਲਾਈਨ ਇਮਤਿਹਾਨ ਕਰਾਉਣ ਦੀ ਪ੍ਰਕਿਰਿਆ ਦੇ ਅਧੀਨ ਹੈ ਤਾਂ ਉਹ ਉੱਚ ਸਿੱਖਿਆ ਵਿਭਾਗ ਦੀ ਮਨਜੂਰੀ ਨਾਲ ਇਸ ਨੂੰ ਜਾਰੀ ਰੱਖ ਸਕਦੀ ਹੈ। ਇਹ ਆਦੇਸ਼ ਮੈਡੀਕਲ ਸਿੱਖਿਆ ਤੇ ਸਿਹਤ ਵਿਭਾਗ ਦੇ ਅਧੀਨ ਆਉਣ ਵਾਲੀਆਂ ਸੰਸਥਾਵਾਂ ‘ਤੇ ਲਾਗੂ ਨਹੀਂ ਹੋਣਗੇ।

NO COMMENTS