ਹੁਣ ਆਨ-ਲਾਈਨ ਪ੍ਰਣਾਲੀ ਰਾਹੀਂ ਕੱਟੇ ਜਾਣਗੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲਿਆਂ ਦੇ ਚਲਾਨ

0
21

ਮਾਨਸਾ, 30 ਸਤੰਬਰ(ਸਾਰਾ ਯਹਾ / ਮੁੱਖ ਸੰਪਾਦਕ) : ਪਰਾਲੀ ਦੀ ਮੋਨਿਟਰਿੰਗ ਕਰਨ ਲਈ ਪੰਜਾਬ ਰੀਮੋਟ ਸੈਂਸਿੰਗ ਲੁਧਿਆਣਾ ਵੱਲੋਂ ਬਣਾਈ ਗਈ ਏ.ਟੀ.ਆਰ. (ਐਕਸ਼ਨ ਟੇਕਨ ਰਿਪੋਰਟ) ਐਪ ਸਬੰਧੀ ਅੱਜ ਸਥਾਨਥ ਬੱਚਤ ਭਵਨ ਵਿਖੇ ਕਲੱਸਟਰ ਅਧਿਕਾਰੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ ਸੰਬੋਧਨ ਕਰਦਿਆਂ ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ਼੍ਰੀ ਰਵੀ ਨੇ ਦੱਸਿਆ ਕਿ ਹੁਣ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਵਾਲਿਆਂ ਦੇ ਆਨ-ਲਾਈਨ ਪ੍ਰਣਾਲੀ ਰਾਹੀਂ ਚਲਾਨ ਕੱਟੇ ਜਾਣਗੇ। ਐਸ.ਡੀ.ਓ. ਨੇ ਦੱਸਿਆ ਕਿ ਪਰਾਲੀ ਦੀ ਅੱਗ ਸਬੰਧੀ ਮੋਨੀਟਰਿੰਗ ਕਰਨ ਸਬੰਧੀ ਜਿਹੜਾ ਕੰਮ ਪਹਿਲਾਂ ਪ੍ਰੈਕਟੀਕਲ ਤੌਰ ’ਤੇ ਨੇਪਰੇ ਚਾੜ੍ਹਿਆ ਜਾਂਦਾ ਸੀ ਉਸ ਦੀਆਂ ਦਰਪੇਸ਼ ਮੁੁਸ਼ਿਕਲਾਂ ਦੇ ਹੱਲ ਲਈ ਹੁਣ ਮੋਬਾਇਲ ਐਪ ਏ.ਟੀ.ਆਰ. ਰਾਹੀਂ ਇਹ ਕੰਮ ਸੁਚੱਜੇ ਢੰਗ ਨਾਲ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਲਈ ਵੱਖ-ਵੱਖ ਵਿਭਾਗਾਂ ਵਿਖੇ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੀਮੋਟ ਸੈਂਸਿੰਗ ਰਾਹੀਂ ਇਨ੍ਹਾਂ ਨੋਡਲ ਅਫ਼ਸਰਾਂ ਦੇ ਮੋਬਾਇਲ ’ਤੇ ਮੈਸੇਜ ਆਏਗਾ ਕਿ ਇਸ ਥਾਂ ’ਤੇ ਖੇਤ ਵਿੱਚ ਅੱਗ ਲਗਾਈ ਗਈ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਨੋਡਲ ਅਫ਼ਸਰ ਨੂੰ ਉਸ ਜਗ੍ਹਾ ’ਤੇ ਜਾ ਕੇ ਦੇਖਣਾ ਹੈ ਕਿ ਸੱਚਿਓਂ ਹੀ ਉੱਥੇ ਅੱਗ ਲੱਗੀ ਹੈ ਜਾਂ ਨਹੀਂ ਅਤੇ ਉਸ ਖੇਤ ਦੀ ਚਾਰੇ ਪਾਸਿਓਂ ਤਸਵੀਰ ਖਿੱਚ ਕੇ ਐਪ ’ਤੇ ਅਪਲੋਡ ਕਰਨੀ ਹੋਵੇਗੀ।  ਉਨ੍ਹਾਂ ਦੱਸਿਆ ਕਿ ਇਸ ਉਪਰੰਤ ਐਪ ’ਤੇ ਪਟਵਾਰੀ ਦਾ ਮੋਡਿਊਲ ਖੁਲ੍ਹੇਗਾ ਅਤੇ ਪਟਵਾਰੀ ਉਸ ਸਬੰਧਤ ਖੇਤ ਦਾ ਖਸਰਾ ਨੰਬਰ ਆਦਿ ਚੈਕ ਕਰੇਗਾ ਅਤੇ ਪਤਾ ਲਗਾਏਗਾ ਕਿ ਇਹ ਕਿਸ ਦੀ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੀ ਜਾਣਕਾਰੀ ਐਪ ’ਤੇ ਅਪਲੋਡ ਕਰਨ ਉਪਰੰਤ ਪਟਵਾਰੀ ਇਸ ਫਾਰਮ ਨੂੰ ਆਨ-ਲਾਈਨ ਸਬਮਿੱਟ ਕਰੇਗਾ। ਇਸ ਉਪਰੰਤ ਦੁਬਾਰਾ ਕਲੱਸਟਰ ਅਧਿਕਾਰੀ ਐਪ ’ਤੇ ਚਲਾਨ ਸਬੰਧੀ ਵੇਰਵੇ ਪਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਜਿਨ੍ਹੀਂ ਜ਼ਮੀਨ ਨੂੰ ਅੱਗ ਲਗਾਈ ਜਾਂਦੀ ਸੀ ਉਸ ਉਪਰ ਹੀ ਜ਼ੁਰਮਾਨਾ ਕੀਤਾ ਜਾਂਦਾ ਸੀ ਪਰ ਹੁਣ ਖੇਤ ਮਾਲਕ ਕੋਲ ਜਿਨ੍ਹੀਂ ਕੁੱਲ ਜ਼ਮੀਨ ਹੈ ਉਸ ਉਪਰ ਚਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਰਕਬੇ ਦੇ ਅਨੁਸਾਰ ਚਲਾਨ ਐਪ ਉਪਰ ਖੁਦ ਹੀ ਅੰਕਿਤ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪੁਲਿਸ ਵਿਭਾਗ ਵੱਲੋਂ ਇਸ ਐਪ ਦੇ ਅਨੁਸਾਰ ਹੀ ਐਫ.ਆਈ.ਆਰ. ਕੀਤੀ ਜਾਵੇਗੀ।  ਉਨ੍ਹਾਂ  ਦੱਸਿਆ ਕਿ ਇਸ ਐਪ ਦਾ ਇਹ ਫਾਇਦਾ ਹੈ ਕਿ ਪੰਜਾਬ ਸਰਕਾਰ ਕੋਲ ਇਸ ਐਪ ਰਾਹੀਂ ਪੂਰੇ ਪੰਜਾਬ ਦਾ ਡਾਟਾ ਜਾ ਰਿਹਾ ਹੈ ਅਤੇ ਪੂਰੇ ਜ਼ਿਲਿ੍ਹਆਂ ਦੀ ਜਾਣਕਾਰੀ ਮਿਲਦੀ ਹੈ ਕਿ ਕਿੱਥੇ-ਕਿੱਥੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਪ੍ਰਕ੍ਰਿਆ ਮੁਕੰਮਲ ਹੋਣ ਤੋਂ ਬਾਅਦ ਤਹਿਸੀਲਦਾਰ, ਪੁਲਿਸ ਪ੍ਰਸ਼ਾਸ਼ਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਏ.ਡੀ.ਸੀ. ਅਤੇ ਡਿਪਟੀ ਕਮਿਸ਼ਨਰ ਪੱਧਰ ਦੀ ਇਸ ਨੂੰ ਵਾਚਿਆ ਜਾਂਦਾ ਹੈ। ਇਸ ਮੌਕੇ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਰਾਜਪਾਲ ਸਿੰਘ, ਡੀ.ਐਸ.ਡੀ. ਸ਼੍ਰੀ ਬਲਜਿੰਦਰ ਸਿੰਘ, ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਕਲੱਸਟਰ ਅਧਿਕਾਰੀ ਮੌਜੂਦ ਸਨ।

NO COMMENTS