*ਹੀਰੋਂ ਖੁਰਦ ਦੇ ਨੌਜਵਾਨ ਲਖਵੀਰ ਸਿੰਘ ਦੀ ਖੇਤੀ ਹਾਦਸੇ ਦੌਰਾਨ ਹੋਈ ਮੌਤ*

0
111

ਬੁਢਲਾਡਾ 21 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ) ਇੱਥੋ ਨੇੜਲੇ ਪਿੰਡ ਹੀਰੋਂ ਖੁਰਦ ਦੇ ਮਜ਼ਦੂਰ ਪਰਿਵਾਰ ਦੇ ਨੌਜਵਾਨ ਲਖਵੀਰ ਸਿੰਘ (37 ਸਾਲ) ਪੁੱਤਰ ਸਵ. ਲਾਲ ਸਿੰਘ ਦੀ ਖੇਤ ਵਿੱਚ ਕੰਮ ਕਰਦਿਆਂ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਮ੍ਰਿਤਕ ਲਖਵੀਰ ਸਿੰਘ ਦੇ ਤਾਇਆ ਬੱਲਮ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਉਸ ਦਾ ਭਤੀਜਾ ਲਖਵੀਰ ਸਿੰਘ ਪਿਛਲੇ ਕਈ ਦਿਨਾਂ ਤੋਂ ਹਰਿਆਣਾ ਦੇ ਕੈਥਲ ਇਲਾਕੇ ਵਿੱਚ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਤੇ ਗਿਆ ਹੋਇਆ ਸੀ ਜਿੱਥੇ ਕਿ ਕੰਮ ਕਰਦਿਆਂ ਗੱਠਾਂ ਵਾਲੀ ਟਰਾਲੀ ਤੋਂ ਪੈਰ ਫਿਸਲਣ ਕਾਰਨ ਹੇਠਾਂ ਡਿੱਗ ਪਿਆ ਤੇ ਇਸੇ ਦੌਰਾਨ ਟਰਾਲੀ ਦਾ ਟਾਇਰ ਉਸਦੇ ਸਰੀਰ ਉੱਤੋਂ ਦੀ ਲੰਘ ਜਾਣ ਕਾਰਨ ਗੰਭੀਰ ਜਖਮੀ ਹੋ ਗਿਆ ਜਿਸ ਨੂੰ ਉਥੋਂ ਦੇ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਹਨਾਂ ਦੱਸਿਆ ਕਿ ਮ੍ਰਿਤਕ ਪਿੱਛੇ 10 ਸਾਲ ਦਾ ਪੁੱਤਰ ਅਤੇ ਪਤਨੀ ਛੱਡ ਗਿਆ ਹੈ। ਉਹਨਾਂ ਦੱਸਿਆ ਕਿ ਲਖਵੀਰ ਸਿੰਘ ਦੇ ਪਿਤਾ ਦੀ ਵੀ ਕਾਫੀ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਕਰਕੇ ਪਰਿਵਾਰ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਹੈ। ਪਿੰਡ ਦੀ ਨਵੀਂ ਬਣੀ ਪੰਚਾਇਤ ਅਤੇ ਪਤਵੰਤਿਆਂ ਨੇ ਮ੍ਰਿਤਕ ਪਰਿਵਾਰ ਲਈ ਵਿਸ਼ੇਸ਼ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਹੈ।

NO COMMENTS