ਮਾਨਸਾ, 24 ਅਪ੍ਰੈਲ (ਸਾਰਾ ਯਹਾਂ/ ਜੋਨੀ ਜਿੰਦਲ) : ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਹੀਟ ਵੇਵ-2022 ਬਾਰੇ ਜਾਰੀ ਐਡਵਾਈਜ਼ਰੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਜਸਪ੍ਰੀਤ ਸਿੰਘ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਤੁਰੰਤ ਹੀਟ ਵੇਵ ਐਕਸ਼ਨ ਪਲਾਨ ਤਿਆਰ ਕਰਨ ਤੇ ਇਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਜਾਰੀ ਐਡਵਾਈਜ਼ਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ 2022 ਵਿੱਚ ਹੀਟ ਵੇਵ ਦੇ ਅਸਰ ਨੂੰ ਘਟਾਉਣ ਤੇ ਪ੍ਰਬੰਧਨ ਲਈ ਢੁਕਵੀਂ ਤਿਆਰੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹੇ ‘ਚ ਪੀਣ ਵਾਲੇ ਸਾਫ਼ ਪਾਣੀ ਦੀ ਵਿਵਸਥਾ, ਅਸਥਾਈ ਪਨਾਹਗਾਹਾਂ ‘ਤੇ ਸ਼ੈੱਡਾਂ ਦੀ ਸੁਵਿਧਾ, ਬਾਹਰੀ ਲੇਬਰ ਲਈ ਕੰਮ ਕਰਨ ਦੇ ਸਮੇਂ ਦਾ ਸਮਾਂ ਨਿਰਧਾਰਤ ਕਰਨਾ, ਬਿਹਤਰ ਐਮਰਜੈਂਸੀ ਡਾਕਟਰੀ ਸੇਵਾਵਾਂ, ਜਨਤਕ ਸਿਹਤ, ਬਿਜਲੀ ਦਾ ਢੁਕਵਾਂ ਪ੍ਰਬੰਧ ਮੁਹੱਈਆ ਕਰਵਾਉਣ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਗਰਮੀ ਦੀ ਸੰਭਾਵਤ ਲਹਿਰ ਦੇ ਮਾੜੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਸ਼ੁਰੂਆਤੀ ਯੋਜਨਾਬੰਦੀ ਢੁਕਵੇਂ ਉਪਾਅ ਕਰਨ ਵਿਚ ਸਹਿਯੋਗ ਕਰ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਗਰਮੀ ਦੀ ਲਹਿਰ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਖੁਦ ਨੂੰ ਤਿਆਰ ਕਰਨ ਦੇ ਯੋਗ ਬਣਾਉਣ ਲਈ ਐਕਸ਼ਨ ਪਲਾਨ ਤੁਰੰਤ ਤਿਆਰ ਕਰਨਾ ਜ਼ਰੂਰੀ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀਆਂ ਦੇ ਇਸ ਮੌਸਮ ਦੌਰਾਨ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਸਿਹਤ ਸਾਵਧਾਨੀਆਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਘਰ ਤੋਂ ਬਾਹਰ ਨਿੱਕਲਣ ਤੋਂ ਗੁਰੇਜ਼ ਕੀਤਾ ਜਾਵੇ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।ਹਲ੍ਹਕੇ ਫਿੱਕੇ ਰੰਗ ਦੇ ਅਤੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ, ਧੁੱਪ ਵਿਚ ਚਸ਼ਮੇ, ਛਤਰੀ/ਟੋਪੀ, ਬੂਟ ਜਾਂ ਸਲਿੱਪਰ ਪਾਉਣੇ ਚਾਹੀਦੇ ਹਨ। ਜ਼ਿਆਦਾ ਤਾਪਮਾਨ ਵਿਚ ਸਖ਼ਤ ਮਿਹਨਤ ਵਾਲੇ ਕੰਮ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਾਹਰ ਕੰਮ ਕਰਨ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਫਰ ਕਰਨ ਸਮੇਂ ਪਾਣੀ ਨਾਲ ਲੈ ਕੇ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਡ ਸੌਫਟਡਰਿੰਕਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜ਼ਿਆਦਾ ਪ੍ਰੋਟੀਨਯੁਕਤ ਭੋਜਨ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਬਾਹਰ ਕੰਮ ਕਰ ਰਹੇ ਹੋ ਤਾਂ ਟੋਪੀ ਜਾਂ ਛੱਤਰੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਸਰੀਰ ਨੂੰ ਪੂਰੀ ਤਰ੍ਹਾ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਪਾਰਕ ਕੀਤੇ ਵਾਹਨਾਂ ਵਿਚ ਬੱਚੇ ਜਾਂ ਪਾਲਤੂ ਜਾਨਵਰ ਇਕੱਲੇ ਨਹੀਂ ਛੱਡਣੇ ਚਾਹੀਦੇ। ਜੇਕਰ ਤੁਸੀਂ ਕਮਜ਼ੋਰੀ ਜਾਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਡਾਕਟਰ ਨੂੰ ਦਿਖਾਓ। ਓ.ਆਰ.ਐਸ., ਲੱਸੀ, ਨਿੰਬੂ ਪਾਣੀ ਆਦਿ ਦਾ ਸੇਵਨ ਕਰਦੇ ਰਹਿਣਾ ਚਾਹੀਦਾ ਹੈ। ਘਰ ਵਿਚ ਪਾਲਤੂ ਜਾਨਵਰ ਨੂੰ ਛਾਂ ਵਿਚ ਰੱਖਣਾ ਚਾਹੀਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪਿਲਾਉਂਦੇ ਰਹਿਣਾ ਚਾਹੀਦਾ ਹੈ। ਆਪਣੇ ਘਰ ਨੂੰ ਠੰਡਾ ਰੱਖੋ, ਪਰਦੇ ਲਗਾ ਕੇ ਰੱਖੋ ਅਤੇ ਰਾਤ ਦੇ ਸਮੇਂ ਖਿੜਕੀਆਂ ਖੁੱਲ੍ਹੀਆਂ ਰੱਖੋ। ਪੱਖਾ ਅਤੇ ਗਿੱਲੇ ਕੱਪੜਿਆਂ ਦਾ ਪ੍ਰਯੋਗ ਕਰੋ ਅਤੇ ਨਹਾਉਣ ਲਈ ਠੰਡੇ ਪਾਣੀ ਦੀ ਵਰਤੋਂ ਕਰੋ।