*ਹਾਈਕਰੋਟ ਪੁੱਜੇ ਦੋ ਡੇਰਾ ਸਮਰਥਕ, ਵਿਆਹ ਲਈ ਰਾਮ ਰਹੀਮ ਤੋਂ ਅਸ਼ੀਰਵਾਦ ਲੈਣ ਦੀ ਮੰਗੀ ਇਜ਼ਾਜਤ*

0
61

Ram Rahim 14,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਦੋ ਡੇਰਾ ਸਮਰਥਕਾਂ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਉਨ੍ਹਾਂ ਨੇ ਹਾਈ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਡੇਰਾ ਮੁਖੀ ਤੋਂ ਆਸ਼ੀਰਵਾਦ ਲੈਣ ਦੀ ਮੰਗ ਕੀਤੀ ਹੈ। ਇਨ੍ਹਾਂ ਦੋਹਾਂ ਕੱਟੜ ਸਮਰਥਕਾਂ ਦਾ ਵੱਖ-ਵੱਖ ਤਾਰੀਕਾਂ ਨੂੰ ਵਿਆਹ ਹੈ। ਜਿਸ ਕਾਰਨ ਉਨ੍ਹਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਡੇਰਾ ਮੁਖੀ ਦਾ ਆਸ਼ੀਰਵਾਦ ਲੈਣ ਦੀ ਗੱਲ ਕਹੀ ਹੈ।ਉਨ੍ਹਾਂ ਨੇ ਪਟੀਸ਼ਨ ‘ਚ ਕਿਹਾ ਹੈ ਕਿ ਉਨ੍ਹਾਂ ਨੂੰ ਆਸ਼ੀਰਵਾਦ ਜੇਲ੍ਹ ‘ਚੋਂ ਵੀਡੀਓ ਰਿਕਾਰਡਿੰਗ ਜਾਂ ਚਿੱਠੀ ਰਾਹੀਂ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਦੇ ਆਸ਼ੀਰਵਾਦ ਤੋਂ ਬਿਨ੍ਹਾਂ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਨਹੀਂ ਹੋ ਸਕਦੀਆਂ। ਪਟੀਸ਼ਨਕਰਤਾਵਾਂ ਅਨੁਸਾਰ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਨੂੰ ਪੂਰਾ ਕਰਨ ਲਈ ਡੇਰਾ ਮੁਖੀ ਦਾ ਆਸ਼ੀਰਵਾਦ ਜ਼ਰੂਰੀ ਹੈ। ਉਨ੍ਹਾਂ ਨੇ ਦਲੀਲ ਦਿੰਦਿਆਂ ਕਿਹਾ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਵਿਆਹ ਕਾਨੂੰਨ ਤਹਿਤ ਲੋੜੀਂਦੇ ਰੀਤੀ-ਰਿਵਾਜਾਂ ਅਤੇ ਵਰਤਾਰਿਆਂ ਅਨੁਸਾਰ ਨਹੀਂ ਹੋਵੇਗਾ । ਦੱਸ ਦੇਈਏ ਕਿ ਇਹ ਪਟੀਸ਼ਨ ਸਿਰਸਾ ਵਾਸੀ ਰਵੀ ਕੁਮਾਰ (26) ਅਤੇ ਚੰਡੀਗੜ੍ਹ ਵਾਸੀ ਅਸ਼ੋਕ ਕੁਮਾਰ (28) ਨੇ ਦਾਇਰ ਕੀਤੀ ਹੈ। ਡੇਰਾ ਸਮਰਥਕਾਂ ਅਨੁਸਾਰ ਉਨ੍ਹਾਂ ਨੇ ਡੇਰਾ ਮੁਖੀ ਦਾ ਆਸ਼ੀਰਵਾਦ ਫੋਨ ਕਾਲ ਰਾਂਹੀ ਲੈਣ ਲਈ ਰਾਮ ਰਹੀਮ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਸੀ ਪਰ ਡੇਰਾ ਮੁਖੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਹੁਕਮਾਂ ਅਨੁਸਾਰ ਕਾਲ ਰਿਕਾਰਡ ਕਰਨ ਤੇ ਸਾਂਝੀ ਕਰਨ ਦੀ ਇਜਾਜ਼ਤ ਨਹੀਂ ਹੈ। ਪਟੀਸ਼ਨਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ 9 ਨਵੰਬਰ ਨੂੰ ਰੋਹਤਕ ਜੇਲ੍ਹ ਪ੍ਰਸ਼ਾਸਨ ਕੋਲ ਡੇਰਾ ਮੁਖੀ ਦਾ ਆਸ਼ੀਰਵਾਦ ਲੈਣ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਸੀ ਪਰ ਕੋਈ ਜਵਾਬ ਨਹੀਂ ਮਿਲਿਆ।ਪਟੀਸ਼ਨਕਰਤਾਵਾਂ ਦੇ ਅਨੁਸਾਰ ਭਾਰਤ ਦਾ ਸੰਵਿਧਾਨ ਅਤੇ ਹਿੰਦੂ ਮੈਰਿਜ ਐਕਟ, 1955 ਇਕ ਭਾਰਤੀ ਨਾਗਰਿਕ ਨੂੰ ਆਪਣੇ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ। ਪਟੀਸ਼ਨਕਰਤਾਵਾਂ ਨੇ ਮੁੱਖ ਤੌਰ ‘ਤੇ ਹਿੰਦੂ ਮੈਰਿਜ ਐਕਟ ਦੀ ਧਾਰਾ 3 ਦਾ ਹਵਾਲਾ ਦਿੰਦੇ ਹੋਏ ਰਾਹਤ ਦੀ ਮੰਗ ਕੀਤੀ ਹੈ ਜੋ ਕਿ ਰਿਵਾਜ ਨੂੰ ਲੰਬੇ ਸਮੇਂ ਤੋਂ ਲਗਾਤਾਰ ਅਤੇ ਇਕਸਾਰ ਤੌਰ ‘ਤੇ ਦੇਖਦੀ ਹੈ।

NO COMMENTS