*ਹਲਕੇ ਨੂੰ ਹੜ੍ਹ ਤੋਂ ਬਚਾਉਣ ਲਈ ਨੰਗੇ ਪੈਰੀਂ ਬੰਨ੍ਹਾਂ ਤੇ ਕੰਮ ਕਰਨ ਵਾਲਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ*

0
99

 (ਸਾਰਾ ਯਹਾਂ/ਬੀਰਬਲ ਧਾਲੀਵਾਲ ):

ਆਪਾਂ ਆਮ ਤੌਰ ਤੇ ਦੇਖਦੇ ਆਂ ਕਿ ਪਿੰਡ ਦਾ ਸਾਬਕਾ ਸਰਪੰਚ ਵੀ ਗੱਡੀ ਤੇ ਵੱਡੀ ਸਾਰੀ ਲਾਲ ਰੰਗ ਦੀ ਨੰਬਰ ਪਲੇਟ ਲਾਕੇ ਉੱਤੇ ‘ਸਾਬਕਾ ਸਰਪੰਚ’ ਨੀ ਬਲਕੇ ‘ਸਰਪੰਚ’ ਹੀ ਲਿਖਾਉਂਦਾਂ ਤੇ ਮਾੜੇ ਬੰਦੇ ਦੀ ‘ਸੱਤ ਸ਼੍ਰੀ ਆਕਾਲ’ ਵੀ ਮੰਨਦਾ।ਇੱਕ ਐਮਐਲਏ ਦੀ ਪਦਵੀ ਤਾਂ ਬਹੁਤ ਵੱਡੀ ਆ, ਫਿਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਐਮ.ਐਲ.ਏ ਚ ਕਿੰਨੀ ‘ਫੂਕ ਹੋਊ..? ਮੈਂ ਬਚਪਨ ਤੋਂ ਦੇਖਦਾ ਆਇਆਂ ਕਿ ਪਿੰਡ ਚ ਕੋਈ ਐਮਐਲਏ ਆਉਂਦਾ ਤਾਂ ਉਹ ਮਜ਼ਦੂਰ ਵਿਹੜਿਆਂ ਚ ਚੋਣ ਰੈਲੀਆਂ ਕਰਦੇ, ਉਨ੍ਹਾਂ ਨੂੰ ਦਿੱਲੀ, ਕਲਕੱਤੇ ਦੀਆਂ ਗੱਲਾਂ ਸੁਣਾਕੇ, ਲੱਛੇਦਾਰ ਭਾਸ਼ਨ ਕਰਕੇ ਚਾਹ ਪਾਣੀ ਲਈ ਠਹਿਰ ਤਕੜੇ ਘਰਾਣਿਆਂ ਚ ਹੁੰਦੀ।ਜਿੱਤਣ ਤੋਂ ਬਾਅਦ ਵੱਡੇ ਘਰਾਣਿਆਂ ਦੇ ਸੱਦੇ ਤੇ ਹੀ ਪਿੰਡ ਆਉਂਦੇ ਤੇ ਉਨ੍ਹਾਂ ਦੇ ਘਰੋਂ ਹੀ ਵਾਪਸ ਪਰਤ ਜਾਂਦੇ। ਫਿਰ ਪੰਜ ਸਾਲਾਂ ਬਾਅਦ ਵੋਟਾਂ ਆਉਂਦੀਆਂ ਫਿਰ ਬੇਬੇ ਜੀ-ਬਾਪੂ ਜੀ ਕਰਕੇ ਵਿਹੜਿਆਂ ਚ ਰਜਵਾਣਿਆਂ  ਦੇ ਜੰਮੇ ਜਾਏ ਗਰੀਬ ਘਰਾਂ ਚ ਵੜ ਜਾਂਦੇ ਤੇ ਫਿਰ ਭੋਲੇ ਲੋਕ ਮਿਠੇ ਬੋਲਾਂ ਤੇ ਨਿਜ ਜਾਂਦੇ … ਤੇ ਫਿਰ ਉਹੀ ‘ਕਹੀ-ਕੁਹਾੜਾ’।ਜਦ ਐਮਐਲਏ ਤੱਕ ਕੋਈ ਕੰਮ ਹੁੰਦਾ ਤਾਂ ਜੇਕਰ ‘ਬੰਦਾ’ ਨੰਬਰਦਾਰਾਂ ਦੇ ਘਰੋਂ ਫੋਨ ਕਰਵਾਕੇ ਨਾ ਜਾਂਦਾ ਤਾਂ ਕੰਮ ਤਾਂ ਕੀ ਹੋਣਾ ਸੀ  ਸਗੋਂ ਕੰਮ ਗਿਆ ਬੰਦਾ 2006 ਤੱਕ ਐਮਐਲਏ ਦਫ਼ਤਰੋਂ ‘ਲਾਹ-ਪਾਹ’ ਕਰਵਾਕੇ ਆਉਂਦਾ ਮੈਂ ਅੱਖੀਂ ਤੱਕਿਆ ਹੈ। 

ਫਿਰ ਸਮੇਂ ਨੇ ਕਰਵਟ ਲਈ ਦਲਿਤ ਵਿਹੜਿਆਂ ਦੇ ਪੜ੍ਹੇ ਲਿਖੇ ਮੁੰਡਿਆਂ ਨੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਤੇ ਮੇਰੇ ਵਿਧਾਨ ਸਭਾ ਹਲਕੇ ਚ ਮੰਗਤ ਰਾਏ ਬਾਂਸਲ (ਸਾਬਕਾ ਵਿਧਾਇਕ) ਨੇ ਦਲਿਤ ਨੌਜਵਾਨਾਂ ਨੂੰ ਬਣਦਾ ਸਤਿਕਾਰ ਦਿੱਤਾ ਤੇ ਨਵੀਂ ਕੜੀ ਸ਼ੁਰੂ ਕਰ ਦਿੱਤੀ। ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੀ ਰਾਜਨੀਤਕ ਸਥਿਤੀ ਵੀ ਲੱਗਭਗ ਇਸੇ ਤਰ੍ਹਾਂ ਦੀ ਰਹੀ। ਫ਼ਰਕ ਸਿਰਫ਼ ਏਨਾ ਰਿਹਾ ਕਿ ਵੋਟਾਂ ਦੇ ਦਿਨਾਂ ਚ ਛੋਟੀਆਂ ਜਾਤੀਆਂ ਦੇ ਲੋਕਾਂ ਨੂੰ ਥੋੜ੍ਹਾ ਬਹੁਤਾ ਸਤਿਕਾਰ ਆਪਣੀ ‘ਗਾਂਊਂਂ’ ਨੂੰ ਦਿੱਤਾ ਜਾਂਦਾ ਤੇ ਬਾਅਦ ਚ ਫਿਰ ਓਹੀ, ਜਿਵੇਂ ਕਹਿੰਦੇ ਨੇ ‘ਜੱਟ-ਜੱਟਾਂ ਦੇ ਭੋਲੂ ਨਰਾਇਣ ਦਾ’ ਆਲੀ ਗੱਲ ਹੋ ਜਾਂਦੀ।ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਿਛਲੀਆਂ ਲੀਹਾਂ ਨੂੰ ਲਾਂਭੇ ਕਰਕੇ ਇੱਕ ਨਵੀਂ ਸ਼ੁਰੂਆਤ ਕੀਤੀ ਕਿ ਉਹਨਾਂ ਸਭ ਵਰਗਾਂ ਨੂੰ ਨਾਲ ਲੈਕੇ ਕਾਫ਼ਲਾ ਬਣਾ ਲਿਆ।ਇਹ ਕਾਫ਼ਲਾ ਬਾਕੀਆਂ ਵਾਂਗ ਵਿਧਾਨ ਸਭਾ ਵੋਟਾਂ ਤੱਕ ਹੀ ਸੀਮਤ ਨਹੀਂ ਰਿਹਾ ਬਲਕਿ ਅੱਜ ਵੀ ਉਸੇ ਸਥਿਤੀ ਚ ਚੱਲ ਰਿਹਾ ਹੈ। ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਕਾਫ਼ਲਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਗੁਰਪ੍ਰੀਤ ਪਿੰਡ ਚ ਰਹਿਦਾ ਹੋਏ ਕਲੱਬਾਂ ਨਾਲ ਜੁੜੇ ਰਹੇ, ਕਾਲਜ/ਯੂਨੀਵਰਸਿਟੀ ਪੜ੍ਹਦਿਆਂ ਵੱਖ-ਵੱਖ ਸੁਮਦਾਇਆ ਨਾਲ ਸਬੰਧਤ ਨੌਜਵਾਨਾਂ ਵਿਚਕਾਰ ਵਿਚਰਦੇ ਰਹੇ ਤੇ ਬਾਰ ਐਸੋਸ਼ੀਏਸ਼ਨ ਚ ਰਹਿੰਦੇ ਹੋਏ ਵਕੀਲਾਂ ਨਾਲ ਸਾਝਾਂ ਰੱਖੀਆਂ।ਇਸ ਦੌਰਾਨ ਹਰ ਤਬਕੇ ਦੇ ਲੋਕਾਂ ਤੇ ਉਨ੍ਹਾਂ ਦੀ ਜੀਵਨ ਜਾਂਚ ਬਾਰੇ, ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਡੂੰਘੀ ਸੂਝ ਰੱਖਦੇ ਹਨ।ਲੰਬਾ ਸਮਾਂ ਅਕਾਲੀ ਦਲ ਨਾਲ ਜੁੜੇ ਰਹਿਣਾ ਵੀ ਉਨ੍ਹਾਂ ਨੂੰ ਲੋਕਾਂ ਦੀ ਨਬਜ਼ ਟਟੋਲਣ ਦਾ ਬਲ ਦਿੰਦੇ। ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਸਕੂਲ ਸਮੇਂ ਤੋਂ ਇਹ ਇਤਿਹਾਸ ਰਿਹੈ ਕਿ ਉਹ ਆਪਣੇ ਨਾਲ ਜੁੜੇ ਹਰ ਰਿਸ਼ਤੇ ਨੂੰ ਰੂਹ ਨਾਲ ਨਿਭਾਉਂਦੇ ਹਨ। ਸਕੂਲ ਤੋਂ ਯੂਨੀਵਰਸਿਟੀ ਤੱਕ ਤੇ ਬਾਰ ਐਸੋਸ਼ੀਏਸ਼ਨ ਤੋਂ ਲੈਕੇ ਰਾਜਨੀਤਕ ਸਫ਼ਰ ਤੱਕ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਲੈਕੇ ਹੁਣ ਤੱਕ ਜਿੰਨੇ ਦੋਸਤ-ਪਰਿਵਾਰ ਉਨ੍ਹਾਂ ਦੇ ਸੰਪਾਦਕ ਵਿੱਚ ਆਏ, ਉਹ ਸਾਰੇ ਅੱਜ ਵੀ ਉਨ੍ਹਾਂ ਦੀ ‘ਬੁੱਕਲ’ ਚ ਨੇ… ਇਸ ਤਰ੍ਹਾਂ ਰਿਸ਼ਤੇ ਨਿਭਾਉਣ ਵਾਲੇ ਲੋਕ ਜ਼ਿੰਦਗੀ ਚ ‘ਟਾਂਵੇ-ਟਾਂਵੇ’ ਹੀ ਮਿਲਦੇ ਨੇ… ।ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਪਬਲਿਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ “ਤੁਸੀਂ ਵੋਟਾਂ ਪਾਕੇ ਆਪਣੀ ਜੁੰਮੇਵਾਰੀ ਨੂੰ ਨਿਭਾਇਆ ਹੈ ਤੇ ਅੱਜ ਤੋਂ ਮੇਰੀ ਜੁੰਮੇਵਾਰੀ ਸ਼ੁਰੂ ਹੋ ਗਈ ਹੈ।” ਬਿਨਾਂ ਸ਼ੱਕ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਅ ਵੀ ਰਹੇ ਹਨ।ਇਹ ਮੈਂ ਨਹੀਂ ਕਹਿੰਦਾ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕੰਮ ਮੂੰਹੋਂ ਬੋਲਕੇ ਦੱਸ ਰਹੇ ਹਨ। ਉਹ ਬੇਸ਼ੱਕ ਭਾਖੜਾ ਨਹਿਰ ਚੋਂ ਪੰਜਾਬ ਦੇ ਹਿੱਸੇ ਦੇ ਪਾਣੀ ਦੀ ਨਿਰਵਿਘਨ ਸਪਲਾਈ ਦਾ ਹੋਵੇ ਜਾਂ ਖੇਤਾਂ ਨੂੰ ਨਿਸ਼ਚਿਤ ਮਾਤਰਾ ਚ ਸਿੰਚਾਈ ਪਾਣੀ ਮੁਹਈਆ ਕਰਾਉਣ ਲਈ ਨਹਿਰਾਂ-ਕੱਸੀਆਂ ਨੂੰ ਪੱਕਾ ਕਰਾਉਣ ਦਾ ਕੰਮ। ਨੰਦਗੜ੍ਹ ਵਰਗੇ ਹੁਣ ਤੱਕ ਅਣਗੌਲੇ ਪਿੰਡਾਂ ਚ ਵਾਟਰ ਵਰਕਸ ਦੀ ਉਸਾਰੀ ਕਾਰਜ ਕਰਕੇ ਉਹ ਆਪਣੀ ਕਹਿਣੀ ਤੇ ਕਥਨੀ ਦੇ ਪੱਕੇ ਸਾਬਤ ਹੋ ਰਹੇ ਹਨ।

ਹੁਣ ਜਿਸ ਦਿਨ ਤੋਂ ਚਾਂਦਪੁਰਾ ਨੇੜੇ ਘੱਗਰ ਦਰਿਆ ਚ ਪਾੜ ਪੈ ਜਾਣ ਕਾਰਨ ਮਾਨਸਾ ਜ਼ਿਲ੍ਹੇ ਦੇ ਕੁਝ ਪਿੰਡ ਅੰਦਰ ਹੜ੍ਹ ਦੇ ਪਾਣੀ ਨਾਲ ਘਿਰੇ ਹੋਏ ਹਨ ਉਸ ਦਿਨ ਤੋਂ ਲੈਕੇ ਨੰਗੇ ਪੈਰ ਆਪਣੇ ਹਲਕੇ ਦੇ ਲੋਕਾਂ ਨੂੰ ਦਿੱਤੇ ਬਚਨ ਨੂੰ ਜੀਅ-ਜਾਨ ਨਾਲ ਨਿਭਾਅ ਰਹੇ ਹਨ। ਉਹ ਘੱਗਰ ਦਰਿਆ ਨਾਲ ਲੱਗਦੇ ਹਲਕੇ ਦੇ ਸਰਦੂਲਗੜ੍ਹ, ਝੰਡਾ ਖੁਰਦ, ਰੋੜਕੀ, ਮੀਰਪੁਰ ਕਲਾਂ, ਮੀਰਪੁਰ ਖੁਰਦ, ਸਰਦੂਲੇਵਾਲਾ, ਭੂੰਦੜ, ਕਾਹਨੇਵਾਲਾ, ਆਹਲੂਪੁਰ, ਧਿੰਗਾਣਾ, ਸਾਧੂਵਾਲਾ, ਫੂਸ ਮੰਡੀ, ਹੀਰਕੇ, ਕਰੀਪੁਰ ਗੁੰਮ, ਬਰਨ, ਭਗਵਾਨਪੁਰ, ਰਣਜੀਤਗੜ੍ਹ, ਕੌੜੀਵਾੜਾ ਅਤੇ ਭੱਲਣਵਾੜਾ ਆਦਿ ਪਿੰਡਾਂ ਚ ਬੰਨ੍ਹਾਂ ਦੀ ਮਜ਼ਬੂਤੀ ਲਈ ਆਪਣੇ ਲੋਕਾਂ ਨੂੰ ਦਿਨ-ਰਾਤ ਜੁਟੇ ਹੋਏ ਹਨ। ਉਹ ਵਿਧਾਇਕ ਹੁੰਦੇ ਹੋਏ ਵੀ ਬੰਨ੍ਹਾਂ ਤੇ ਹਾਜ਼ਰ ਲੋਕਾਂ ਚ ਸਧਾਰਨ ਤੌਰ ਤੇ ਵਿਚਰ ਰਹੇ ਹਨ ਅਤੇ ਲੋਕਾਂ ਨਾਲ ਕੰਮ-ਧੰਦਾ ਵੀ ਕਰਵਾਉਂਦੇ ਹੋਏ ਨਜ਼ਰ ਆਉਂਦੇ ਨੇ। ਪਿੰਡਾਂ ਚ ਜਾਕੇ ਜਿੱਥੇ ਲੋਕਾਂ ਨੂੰ ਘੱਗਰ ਦੇ ਬੰਨ੍ਹਾਂ ਦੀ ਮਜ਼ਬੂਤੀ ਲਈ ਨੇੜਲੇ ਬੰਨ੍ਹਾਂ ਉੱਪਰ ਜਾਣ ਲਈ ਪ੍ਰੇਰਿਤ ਕਰ ਰਹੇ ਹਨ ਉਥੇ ਲੋਕਾਂ ਨੂੰ ਹੌਂਸਲਾ ਵੀ ਦੇ ਰਹੇ ਨੇ ਕਿ ਡਰਨ ਦੀ ਲੋੜ ਨਹੀਂ ਮੈਂ ਅਤੇ ਸਰਕਾਰ ਤੁਹਾਡੇ ਜਾਨ-ਮਾਲ ਦੀ ਰੱਖਿਆ ਕਰਨ ਲਈ ਬਚਨਬੱਧ ਹਾਂ।

ਅੱਜ ਦੇ ਸੈਲਫੀ ਕਲਚਰ ਚ ਅਜਿਹੇ ਇਮਾਨਦਾਰ, ਵੋਟਾਂ ਦਾ ਮੁੱਲ ਮੋੜਨ ਵਾਲੇ ਅਤੇ ਕਹਿਣੀ ਤੇ ਕਥਨੀ ਦੇ ਪੱਕੇ, ਸਭ ਨੂੰ ਬਰਾਬਰ ਮਾਣ ਸਤਿਕਾਰ ਦੇਣ ਵਾਲੇ ਐਮਐਲਏ ਦਾ ਮਿਲਣਾ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਲੋਕਾਂ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਹਲਕੇ ਦੇ ਲੋਕ ਆਪਣੇ ਵਿਧਾਇਕ ਦੀ ਸੇਵਾਵਾਂ ਨੂੰ ਲੈਕੇ ਇੱਕ ਦਮ ਤਸੱਲੀ ਪ੍ਰਗਟਾ ਰਹੇ ਹਨ। ਵਾਹਿਗੁਰੂ ਜੀ ਅੱਗੇ ਦੁਆ ਹੈ ਕਿ ਉਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਹਲਕੇ ਦੇ ਲੋਕਾਂ ਦੀ ਕਿਸਮਤ ਬਦਲਣ ਦਾ ਬਲ ਬਖਸ਼ਣ ਅਤੇ ਆਪਣੀ ਦਿਆ-ਮਿਹਰ ਸਦਾ ਉਨ੍ਹਾਂ ਉੱਪਰ ਬਣਾਈ ਰੱਖਣ।

NO COMMENTS