*’ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ’ ਮੁਹਿੰਮ ਤਹਿਤ ਐਂਟੀ ਡੇਂਗੂ ਗਤੀਵਿਧੀਆਂ ਕੀਤੀਆਂ ਤੇਜ਼- ਸਿਵਲ ਸਰਜਨ *ਡੇਂਗੂ ਤੋਂ ਬਚਾਅ ਸਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਲਾਜ਼ਮੀ*

0
33

 ਮਾਨਸਾ, 08 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
      ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਸਿੰਘ ਨੇ ‘ਹਰ ਸ਼ੁੱਕਰਵਾਰ, ਡੇਂਗੂ ਤੇ ਵਾਰ’ ਮੁਹਿੰਮ ਤਹਿਤ ਸ਼ਹਿਰ ਮਾਨਸਾ ਦੇ ਜਗਦੰਬੇ ਰੋੜ ਵਿਖੇ ਡੇਂਗੂ ਪ੍ਰਤੀ ਜਾਗਰੂਕ ਹੋਣ ਲਈ ਘਰਾਂ ਦੇ ਅੰਦਰ ਅਤੇ ਬਾਹਰ ਖੜ੍ਹੇ ਪਾਣੀ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਡੇਂਗੂ ਬਾਰੇ ਜਾਗਰੂਕ ਕਰਨ ਹਿੱਤ ਜ਼ਿਲ੍ਹਾ ਅਤੇ ਬਲਾਕ ਪੱਧਰੀ ਟੀਮਾਂ ਵੱਲੋਂ ਸਰਵੇਖਣ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਾਲ ਦੇ ਥੀਮ ‘ਡੇਂਗੂ ਦੇ ਖਾਤਮੇ ਲਈ, ਲੋਕਾਂ ਦਾ ਸਹਿਯੋਗ’ ਅਧੀਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਏਡੀਜ਼ ਅਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਇਹ ਮੱਛਰ ਦਿਨ ਦੀ ਰੌਸ਼ਨੀ ਵੇਲੇ ਕੱਟਦਾ ਹੈ, ਘਰਾਂ ਵਿੱਚ ਕਿਤੇ ਵੀ ਖੜ੍ਹੇ ਪਾਣੀ ਉੱਤੇ ਇਹ ਮੱਛਰ ਪਨਪਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਘਰਾਂ ਵਿੱਚ ਜਾਂ ਘਰਾਂ ਦੇ ਆਲੇ ਦੁਆਲੇ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ।
    ਇਸ ਮੌਕੇ ਸ੍ਰੀ ਸੰਤੋਸ਼ ਭਾਰਤੀ ਨੇ ਦੱਸਿਆ ਕਿ ਗਤੀਵਿਧੀਆਂ ਦਾ ਮੁੱਖ ਮਕਸਦ ਡੇਂਗੂ ਦੇ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨਾ ਹੈ, ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਮੌਕੇ ’ਤੇ ਡੇਂਗੂ ਬੁਖਾਰ ਦਾ ਫੈਲਾਅ ਵੱਧ ਜਾਂਦਾ ਹੈ ਇਸ ਲਈ ਸਾਨੂੰ ਬਰਸਾਤੀ ਮੌਸਮ ਵਿੱਚ ਆਪਣੇ ਆਲੇ ਦੁਆਲੇ ਅਤੇ ਘਰਾਂ ਵਿਚ ਕਿਤੇ ਵੀ ਪਾਣੀ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ, ਖ਼ਾਸਕਰ ਘਰਾਂ ਵਿੱਚ ਪਏ ਗਮਲੇ, ਖਾਲੀ ਬਰਤਨ, ਟਾਇਰ, ਛੱਤਾਂ ’ਤੇ ਪਏ ਟਾਇਰ ਜਾਂ ਖਾਲੀ ਬਰਤਨ ਆਦਿ ਵਿੱਚ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ, ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ ਕਰਕੇ ਹਰ ਸੁੱਕਰਵਾਰ ਡਰਾਈ ਡੇਅ ਦੇ ਤੌਰ ’ਤੇ ਮਨਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਦਰਸ਼ਨ ਸਿੰਘ ਧਾਲੀਵਾਲ ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਘੱਟੋ ਘੱਟ ਹਫਤੇ ਵਿੱਚ ਇੱਕ ਵਾਰ ਸਾਨੂੰ ਖੜ੍ਹੇ ਪਾਣੀ ਦਾ ਨਿਪਟਾਰਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਡੇਂਗੂ ਦੇ ਲਾਰਵੇ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਂਟੀ ਲਾਰਵਾ ਟੀਮਾਂ ਵੀ ਜ਼ਿਲ੍ਹਾ ਮਾਨਸਾ ਦੇ ਸ਼ਹਿਰੀ ਖੇਤਰਾਂ ਵਿੱਚ ਜਾ ਕੇ ਕੰਮ ਕਰ ਰਹੀਆਂ ਹਨ।
ਉਧਰ ਬੁਢਲਾਡਾ ਵਿਖੇ ਨੈਸ਼ਨਲ ਵੈਕਟਰ ਬੋਰਨ ਡਸੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸਿਹਤ ਬਲਾਕ ਬੁਢਲਾਡਾ ਅਧੀਨ ਪੈਂਦੇ ਪਿੰਡਾਂ ਮੱਲ ਸਿੰਘ ਵਾਲਾ, ਰਾਮਪੁਰ ਮੰਡੇਰ ਵਿਖੇ ਹੈਲਥ ਸੁਪਰਵਾਈਜ਼ਰ ਸ਼੍ਰੀ ਅਸ਼ਵਨੀ ਕੁਮਾਰ ਵੱਲੋਂ ਟੀਮ ਸਮੇਤ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਡੇਂਗੂ ਦੇ ਕਾਰਨ, ਲੱਛਣ ਅਤੇ ਬਚਾਅ ਬਾਰੇ ਵਿਸਥਾਰ ਨਾਲ ਦੱਸਿਆ ਗਿਆ। 

NO COMMENTS