*ਹਰ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਜਾਗਰੂਕਤਾ ਗਤੀਵਿਧੀਆਂ ਕਰ ਰਿਹਾ ਹੈ ਸਿਹਤ ਵਿਭਾਗ*

0
39

ਮਾਨਸਾ, 9 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ) ਸਿਹਤ ਵਿਭਾਗ ਅਤੇ ਸਿਵਲ ਸਰਜਨ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਐਸ ਐਮ ਓ ਡਾਕਟਰ ਇੰਦੂ ਬਾਂਸਲ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਖਿਆਲਾ ਕਲਾਂ ਦੇ ਏਰੀਏ ਵਿੱਚ ਆਉਦੇਂ ਵੱਖ ਵੱਖ ਪੁਲਿਸ ਥਾਣਿਆਂ, ਜ਼ਿਲ੍ਹਾ ਜੇਲ੍ਹ, ਪੁਲਿਸ ਲਾਈਨ ਅਤੇ ਸਕੂਲਾਂ ਵਿੱਚ ਡੇਂਗੂ ਤੋਂ ਬਚਾਉ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆ ਹਨ ਅਤੇ ਸ਼ੁਕਰਵਾਰ ਡਰਾਈ ਡੇ ਤਹਿਤ ਵੱਖ ਵੱਖ ਸੰਸਥਾਵਾਂ ਵਿੱਚ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪਿੰਡ ਜੋਗਾ਼, ਰਮਦਿੱਤੇਵਾਲਾ, ਭੈਣੀ ਬਾਘਾ, ਮਾਖਾ ਆਦਿ ਵਿਖੇ ਲਾਰਵਾ ਚੈੱਕ ਕਰਦਿਆਂ ਅਤੇ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਵੱਖ ਵੱਖ ਸਾਵਧਾਨੀਆਂ ਰੱਖਣ ਲਈ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਜਗਦੀਸ਼ ਸਿੰਘ, ਲੀਲਾ ਰਾਮ, ਸਰਬਜੀਤ ਸਿੰਘ, ਗੁਰਦੀਪ ਸਿੰਘ ਅਤੇ ਖੁਸ਼ਵਿੰਦਰ ਸਿੰਘ ਨੇ  ਦੱਸਿਆ ਕਿ ਇਹ ਬੁਖ਼ਾਰ ਇੱਕ ਖਾਸ ਕਿਸਮ ਦੇ ਮੱਛਰਾਂ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਖੜੇ ਹੋਏ ਸਾਫ਼ ਪਾਣੀ ਤੇ ਪੈਦਾ ਹੁੰਦਾ ਹੈ ਜੋ ਕਿ ਅਕਸਰ ਸਾਡੇ ਘਰਾਂ ਦੇ ਆਲੇ ਦੁਆਲੇ ਅਤੇ ਘਰਾਂ ਦੇ ਵਿੱਚ ਫ਼ਰਿੱਜ ਕੂਲਰ ਗਮਲੇ, ਪਾਣੀ ਦੀਆਂ ਹੌਦੀਆਂ ਅਤੇ ਕੋਠਿਆਂ ਦੀਆਂ ਛੱਤਾਂ ਉੱਪਰ ਪਏ ਫਾਲਤੂ ਸਮਾਨ ਆਦਿ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਪੈਦਾ ਹੁੰਦਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ ਵਿਖੇ ਕਰਨਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਇਹ ਮੱਛਰ ਮਨੁੱਖ ਨੂੰ ਕੱਟਦਾ ਹੈ ਤਾਂ ਇਸ ਬੁਖ਼ਾਰ ਦੀਆਂ ਨਿਸ਼ਾਨੀਆਂ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਤੇਜ਼ ਬੁਖ਼ਾਰ ,ਤੇਜ ਸਿਰ ਦਰਦ, ਜੀਅ ਕੱਚਾ ਹੋਣਾ ਉਲਟੀਆਂ ਮੁੱਖ ਨਿਸ਼ਾਨੀਆਂ ਹਨ। ਉਨ੍ਹਾਂ ਦੱਸਿਆ ਕਿ ਬੁਖ਼ਾਰ ਹੋਣ ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾ ਕੇ ਬਣਦਾ ਇਲਾਜ਼ ਕਰਵਾਇਆ ਜਾਵੇ। ਪੁਲਿਸ ਲਾਈਨ ਮਾਨਸਾ (ਤਾਮਕੋਟ) ਅਤੇ ਪੁਲਿਸ ਚੌਂਕੀ ਠੂਠਿਆਂਵਾਲੀ ਵਿਖੇ ਸੁਖਪਾਲ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੀ ਸਫਾਈ ਦੇ ਨਾਲ ਨਾਲ ਪਾਣੀ ਦੀ ਖੜੋਤ ਨੂੰ ਖ਼ਤਮ ਕੀਤਾ ਜਾਵੇ ਤਾਂ ਕਿ ਮੱਛਰ ਦੀ ਪੈਦਾਈਸ਼ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਖੜੇ ਹੋਏ ਪਾਣੀ ਵਿੱਚ ਮੱਛਰ ਦੇ ਲਾਰਵੇ ਨੂੰ ਖ਼ਤਮ ਕਰਨ ਲਈ ਕਾਲੇ ਤੇਲ ਜਾਂ ਮਿੱਟੀ ਦਾ ਤੇਲ ਪਾ ਦਿੱਤਾ ਜਾਵੇ ਤਾਂ ਕਿ ਮੱਛਰ ਦੀ ਪੈਦਾਇਸ਼ ਨਾ ਹੋਵੇ। ਇਸ ਤੋਂ ਇਲਾਵਾ ਪੁਲਿਸ ਥਾਣਿਆਂ, ਜ਼ਿਲ੍ਹਾ ਜੇਲ੍ਹ, ਪੁਲਿਸ ਲਾਈਨ ਅਤੇ ਸਕੂਲਾਂ ਵਿੱਚ ਪਾਣੀ ਦੇ ਸਰੋਤਾਂ ਵਿੱਚ ਲਾਰਵਾ ਚੈਕਿੰਗ ਕੀਤੀ ਗਈ।  ਇਸ ਮੌਕੇ ਸਿਹਤ ਕਰਮਚਾਰੀ ਪ੍ਰਦੀਪ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਸੁਰਿੰਦਰ ਕੌਰ, ਸਰਬਜੀਤ ਕੌਰ ਪ੍ਰਿੰਸੀਪਲ ਯੋਗਤਾ ਜੋਸ਼ੀ ਆਦਿ ਹਾਜ਼ਰ ਸਨ।

NO COMMENTS