*ਹਰ ਸ਼ੁਕਰਵਾਰ ਡੇਂਗੂ ਤੇ ਵਾਰ ਤਹਿਤ ਸਕੂਲਾਂ ਵਿੱਚ ਦਿੱਤੀ ਜਾਣਕਾਰੀ *

0
22

ਬੁਢਲਾਡਾ, 3 ਨਵੰਬਰ (ਸਾਰਾ ਯਹਾਂ/ਚਾਨਣਦੀਪ ਔਲਖ) ਸਿਹਤ ਵਿਭਾਗ ਵਲੋਂ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਹਰ ਸ਼ੁਕਰਵਾਰ ਨੂੰ ਡੇਂਗੂ ਦੀ ਰੋਕਥਾਮ ਲਈ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਗਤੀਵਿਧੀਆਂ ਕਰਨ ਸਬੰਧੀ ਨਿਰਦੇਸ਼ ਦਿੱਤੇ ਜਾਂਦੇ ਹਨ। ਮਾਨਸਾ ਜ਼ਿਲ੍ਹੇ ਵਿੱਚ ਇਸ ਸ਼ੁਕਰਵਾਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਨ ਦੇ ਵਿਭਾਗੀ ਨਿਰਦੇਸ਼ ਅਨੁਸਾਰ  ਸਿਵਲ ਸਰਜਨ ਡਾਕਟਰ ਰਣਜੀਤ ਸਿੰਘ ਰਾਏ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਅਰਸ਼ਦੀਪ ਸਿੰਘ, ਸ੍ਰੀ ਸੰਤੋਸ਼ ਭਾਰਤੀ, ਗੁਰਜੰਟ ਸਿੰਘ ਦੀ ਅਗਵਾਈ ਹੇਠ ਸਿਹਤ ਕਰਮਚਾਰੀਆਂ ਵੱਲੋਂ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ।

ਡਾਕਟਰ ਗੁਰਚੇਤਨ ਪਰਕਾਸ਼ ਐਸ ਐਮ ਓ ਬੁਢਲਾਡਾ ਦੀ ਅਗਵਾਈ ਵਿੱਚ ਸਿਹਤ ਟੀਮ ਵੱਲੋਂ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬੁਢਲਾਡਾ ਵਿਖੇ ਡੈਗੂ ਤੋਂ ਬਚਣ ਸਬੰਧੀ ਉਪਾਅ ਅਤੇ ਇਸਦੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਕੂਲ਼ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਘਰਾਂ, ਸਕੂਲਾਂ ਅਤੇ ਆਲੇ ਦੁਆਲੇ ਵਿੱਚ ਮੱਛਰ ਦੇ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਲੱਭ ਕੇ ਉਥੇ ਮੱਛਰ ਦੇ ਪੈਦਾ ਹੋਣ ਵਾਲੇ ਮਾਹੌਲ ਨੂੰ ਠੀਕ ਕਰਨ ਦੀ ਲੋੜ ਹੈ। ਇਸ ਦੇ ਲਈ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖੋ, ਕੂਲਰਾਂ ਅਤੇ ਗਮਲਿਆਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜਰੂਰ ਬਦਲੋ। ਇਸ ਤੋਂ ਇਲਾਵਾ ਮੱਛਰ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀਆਂ ਆਦਿ ਵਰਤਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਬੁਖ਼ਾਰ ਹੋਣ ਦੀ ਸੂਰਤ ਵਿੱਚ ਛੇਤੀ ਤੋਂ ਛੇਤੀ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿੱਚ ਮੁਫ਼ਤ ਇਲਾਜ ਕਰਵਾਉਣ ਚਾਹੀਦਾ ਹੈ। ਇਸ ਮੌਕੇ ਸੁਖਦੇਵ ਸਿੰਘ ਹੈਲਥ ਸੁਪਰਵਾਈਜ਼ਰ , ਹਰਪ੍ਰੀਤ ਸਿੰਘ ਭਾਵਾ, ਇਦਰਪ੍ਰੀਤ ਸਿੰਘ, ਅਮਨ ਚਹਿਲ, ਮੰਗਲ ਸਿੰਘ, ਪਰਮਜੀਤ ਸਿੰਘ ਆਦਿ ਸਿਹਤ ਕਰਮਚਾਰੀ ਹਾਜ਼ਰ ਸਨ।

NO COMMENTS