*ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਤਹਿਤ ਪ੍ਰਾਈਵੇਟ ਹਸਪਤਾਲਾਂ,ਕਲੀਨਿਕਾਂ ਅਤੇ ਲੈਬੋਰਟਰੀਆਂ ਵਿੱਚ ਡੇਂਗੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ*

0
11

ਮਾਨਸਾ, 22 ਸਤੰਬਰ(ਸਾਰਾ ਯਹਾਂ/ਚਾਨਣਦੀਪ ਔਲਖ)

ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਐਂਟੀ ਡੇਂਗੂ ਕੰਪੇਨ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਤਹਿਤ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਅਤੇ ਲੈਬੋਰਟਰੀਆਂ ਵਿੱਚ ਡੇਂਗੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਵੱਲੋਂ ਸਬੰਧਤ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸਵੇਰੇ 9 ਵਜੇ ਤੋਂ 10 ਵਜੇ ਤੱਕ ਜ਼ਿਲੇ ਅੰਦਰ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਅਤੇ ਲੈਬੋਰਟਰੀਆਂ ਵਿੱਚ ਡੇਂਗੂ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਰਸ਼ਦੀਪ ਸਿੰਘ, ਸ੍ਰੀ ਸੰਤੋਸ਼ ਭਾਰਤੀ ਅਤੇ ਗੁਰਜੰਟ ਸਿੰਘ ਏ. ਐਮ. ਓ. ਦੀ ਰਹਿਨੁਮਾਈ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਜ਼ਿਲੇ ਭਰ ਵਿੱਚ ਡੇਂਗੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।   

ਡਾ. ਹਰਦੀਪ ਸ਼ਰਮਾ ਐਸ. ਐਮ. ਓ. ਸਿਹਤ ਬਲਾਕ ਖਿਆਲਾ ਕਲਾਂ ਦੀ ਅਗਵਾਈ ਵਿੱਚ ਅਕਲੀਆ, ਜੋਗਾ, ਗੁਰਥੜੀ, ਅਤਲਾ , ਬੁਰਜ ਢਿੱਲਵਾਂ, ਉੱਭਾ, ਅਨੂਪਗੜ੍ਹ, ਭਾਈ ਦੇਸਾ, ਮੂਸਾ, ਸਮਾਓਂ, ਬਰਨਾਲਾ, ਭੈਣੀ ਬਾਘਾ, ਕੋਟ ਲੱਲੂ, ਰਾਮਦਿਤੇਵਾਲਾ, ਫਫੜੇ ਭਾਈਕੇ, ਖਿਲਣ , ਖੋਖਰ ਕਲਾਂ, ਮੱਤੀ ਆਦਿ ਪਿੰਡਾਂ ਵਿਖੇ ‘ਹਰ ਸ਼ੁਕਰਵਾਰ ਡੇਂਗੂ ਤੇ ਵਾਰ’ ਤਹਿਤ ਜਾਗਰੂਕਤਾ ਅਭਿਆਨ ਚਲਾਏ ਗਏ। ਖਾਲਸਾ ਰੂਰਲ ਆਯੂਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਨੰਗਲ ਕਲਾਂ ਵਿਖੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਕੂਲਰਾਂ, ਫਰਿਜ ਦੀਆਂ ਟਰੇਆਂ, ਵਾਧੂ ਟੁੱਟੇ ਫੁੱਟੇ ਭਾਂਡਿਆਂ, ਟਾਇਰਾਂ, ਟੋਇਆਂ ਆਦਿ ਵਿੱਚ ਇੱਕ ਹਫ਼ਤੇ ਤੋਂ ਜਿਆਦਾ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਨਾ ਖ਼ਾਲੀ ਹੋਣ ਯੋਗ ਥਾਵਾਂ ਤੇ ਕਾਲੇ ਤੇਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਸਿਹਤ ਕਰਮਚਾਰੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਸ਼ਰੀਰ ਨੂੰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੋ, ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰੋ।

ਇਸ ਮੌਕੇ ਬ੍ਰੀਡਿੰਗ ਚੈੱਕਰ ਹਰਪ੍ਰੀਤ ਸਿੰਘ ਅਤੇ ਅਮ੍ਰਿਤ ਸਿੰਘ ਨੇ ਹਸਪਤਾਲ ਵਿੱਚ ਪਾਣੀ ਦੇ ਸਰੋਤਾਂ ਦੀ ਜਾਂਚ ਕੀਤੀ ਅਤੇ ਸਪਰੇ ਕੀਤੀ। ਇਸ ਮੌਕੇ ਐਮ. ਡੀ. ਵੀਰਪਾਲ ਕੌਰ ਅਤੇ ਬਲਵੀਰ ਸਿੰਘ ਵਲੋਂ ਸਿਹਤ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਸਿਹਤ ਵਿਭਾਗ ਦੀਆਂ ਗਾਈਡਲਾਈਨਜ਼ ਮੁਤਾਬਕ ਖਾਸ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਰਮਨਦੀਪ ਕੌਰ ਸੀ. ਐੱਚ. ਓ., ਰਮਨਦੀਪ ਕੌਰ ਏ. ਐਨ. ਐਮ., ਬਲਜੀਤ ਕੌਰ ਆਸ਼ਾ ਫੈਸੀਲੇਟਰ, ਜਸਵੀਰ ਕੌਰ ਆਸ਼ਾ ਤੋਂ ਇਲਾਵਾ ਹਸਪਤਾਲ ਦੇ ਮੁਲਾਜ਼ਮ ਅਤੇ ਆਮ ਲੋਕ ਹਾਜ਼ਰ ਸਨ।

NO COMMENTS