ਮਾਨਸਾ 15 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਮੁੱਖ ਰੱਖਦੇ ਹੋਏ ਕੋਵਿਡ ਮਹਾਂਮਾਰੀ ਦੇ ਬਚਾਅ ਲਈ ਹਰ ਘਰ ਦਸਤਕ ਪ੍ਰੋਗਰਾਮ ਤਹਿਤ ਸਾਰੇ ਵਿਭਾਗਾਂ ਪੰਚਾਂ ਸਰਪੰਚਾਂ ਪਤਵੰਤੇ ਸੱਜਣਾਂ ਨਾਲ ਤਾਲਮੇਲ ਕਰਕੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।
ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ, ਖਿਆਲਾਂ ਕਲਾਂ, ਬੁਢਲਾਡਾ, ਸਰਦੂਲਗੜ੍ਹ, ਪ੍ਰੋਗਰਾਮ ਅਫ਼ਸਰ ਅਤੇ ਦੂਸਰੇ ਵਿਭਾਗਾਂ ਦੇ ਮੁਖੀਆਂ ਨੂੰ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਹਾਜਰੀ ਵਿੱਚ, ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਪਹਿਲੀ ਡੋਜ਼ ਬਾਕੀ ਹੈ ਅਤੇ ਦੂਜੀ ਡੋਜ਼ ਡਿਊ ਹੈ ਉਨ੍ਹਾਂ ਦੀਆਂ ਲਾਈਨ ਲਿਸਟਿੰਗ ਤਿਆਰ ਕਰਕੇ ਟੀਮਾਂ ਬਣਾ ਕੇ ਘਰ ਘਰ ਜਾ ਕੇ ਵੈਕਸੀਨੇਸ਼ਨ ਕੀਤੀ ਜਾਵੇਗੀ ਤਾਂ ਕਿ ਕੋਈ ਵੀ ਵਿਅਕਤੀ ਕੋਵਿਡ 19 ਦੀ ਵੈਕਸੀਨੇਸ਼ਨ ਤੋਂ ਵਾਂਝਾ ਨਾ ਰਹੇ ਅਤੇ ਹਰ ਵਿਅਕਤੀ ਦੀ ਸਮੇਂ ਸਿਰ ਵੈਕਸੀਨੇਸ਼ਨ ਹੋ ਸਕੇ।
ਇਸ ਮੌਕੇ ਡਾ. ਰਣਜੀਤ ਸਿੰਘ ਰਾਏ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਵੈਕਸੀਨ ਦੇ ਲਈ ਪਲਾਨ ਤਿਆਰ ਕਰ ਲਿਆ ਗਿਆ ਹੈ। ਅੱਜ ਤੋਂ ਹੀ ਟੀਮਾਂ ਘਰ ਘਰ ਜਾ ਕੇ ਵੈਕਸੀਨੇਸ਼ਨ ਸ਼ੁਰੂ ਕਰਨਗੀਆਂ । ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਗਰਾਮ ਪੰਚਾਇਤ, ਪਤਵੰਤੇ ਸੱਜਣਾ,ਕੱਲਬਾਂ, ਐੱਨ.ਜੀ.ਓ. ਦੇ ਮੈਂਬਰਾਂ ਤੇ ਮਿਉਂਸਪਲ ਕਮੇਟੀ ਕੌਂਸਲਰ ਅਤੇ ਹੋਰ ਵਿਭਾਗਾਂ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਵੈਕਸੀਨੇਸ਼ਨ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਹਰ ਵਿਅਕਤੀ ਵੈਕਸੀਨ ਕਰਨ ਲਈ ਖ਼ੁਦ ਅੱਗੇ ਆਵੇ।