ਚੰਡੀਗੜ, (ਸਾਰਾ ਯਹਾ, ਬਲਜੀਤ ਸ਼ਰਮਾ) 6 ਮਾਰਚ ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਪੰਜਾਬ ਰਾਜ ਯੁਵਕ ਮੇਲੇ ਨੂੰ ਸਾਲਾਨਾ ਸਮਾਰੋਹ ਬਣਾਇਆ ਜਾਵੇਗਾ। ਇਸ ਵਿੱਚ ਹਰੇਕ ਸਾਲ ਨਾ ਸਿਰਫ਼ ਹੋਰ ਗਤੀਵਿਧੀਆਂ ਸ਼ਾਮਲ ਹੋਣਗੀਆਂ, ਸਗੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਜੋੜਿਆ ਜਾਵੇਗਾ।
ਇੱਥੇ ਪੰਜਾਬ ਭਵਨ ਸੈਕਟਰ-3 ਵਿੱਚ ਅੱਜ ਪੰਜਾਬ ਰਾਜ ਯੁਵਕ ਮੇਲੇ ਸਬੰਧੀ ‘ਕੌਫੀ ਟੇਬਲ ਬੁੱਕ’ ਰਿਲੀਜ਼ ਕਰਨ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਇਹ ਮੇਲਾ ਸਫ਼ਲਤਾ ਦੇ ਨਵੇਂ ਮਿਆਰ ਸਥਾਪਤ ਕਰ ਗਿਆ। ਮੇਲੇ ਵਿੱਚ 23 ਹਜ਼ਾਰ ਦੇ ਕਰੀਬ ਨੌਜਵਾਨ ਸ਼ਾਮਲ ਹੋਏ, ਜਿਹੜੇ ਪਿੰਡਾਂ ਤੇ ਕਲੱਬਾਂ ਨਾਲ ਸਬੰਧਤ ਸਨ। ਖਿਡਾਰੀਆਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਦਿਆਂ ਉਨਾਂ ਦੱਸਿਆ ਕਿ ਸਰਕਾਰ ਨੇ 3 ਫੀਸਦੀ ਸੀਟਾਂ ਖਿਡਾਰੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਤਾਂ ਕਿ ਖਿਡਾਰੀਆਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਖੇਡ ਮੰਤਰੀ ਨੇ ਦੱਸਿਆ ਕਿ ਪਟਿਆਲਾ ਵਿੱਚ ਸਥਾਪਤ ਕੀਤੀ ਜਾ ਰਹੀ ਮਹਾਰਾਜਾ ਭੁਪਿੰਦਰਾ ਸਿੰਘ ਕੌਮਾਂਤਰੀ ਖੇਡ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ, ਜਿਸ ਵਿੱਚ ਕਲਾਸਾਂ ਸ਼ੁਰੂ ਹੋ ਗਈਆਂ ਹਨ, ਜਦੋਂ ਕਿ ਯੂਨੀਵਰਸਿਟੀ ਲਈ 100 ਏਕੜ ਜ਼ਮੀਨ ਖਰੀਦੀ ਗਈ ਹੈ। ਉਨਾਂ ਦੱਸਿਆ ਕਿ ਇਹ ਯੂਨੀਵਰਸਿਟੀ ਜਿੱਥੇ ਨਵੀਨਤਾਕਾਰੀ ਦੀ ਮਿਸਾਲ ਹੋਵੇਗੀ, ਉਥੇ ਇਸ ਵਿੱਚ ਸਪੋਰਟਸ ਸਾਇੰਸ, ਸਾਈਕੋਲੋਜੀ, ਸਪੋਰਟਸ ਇੰਜਰੀਜ਼, ਸਪੋਰਟਸ ਬਿਜ਼ਨਸ ਮੈਨੇਜਮੈਂਟ ਵਰਗੇ ਵਿਸ਼ਿਆਂ ਦੀ ਪੜਾਈ ਕਰਵਾਈ ਜਾਵੇਗੀ। ਉਨਾਂ ਇਸ ਯੂਨੀਵਰਸਿਟੀ ਵਿੱਚ ਨਵੇਂ ਵਿਸ਼ੇ ਤੇ ਨਵਾਂ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਇੰਗਲੈਂਡ ਦੀ ਲੋਫਰਬੋਰੋ ਯੂਨੀਵਰਸਿਟੀ ਦਾ ਦੌਰਾ ਕੀਤਾ ਸੀ। ਹੁਣ ਉਨਾਂ ਤਕਨੀਕਾਂ ਨੂੰ ਇਸ ਯੂਨੀਵਰਸਿਟੀ ਵਿੱਚ ਵੀ ਅਪਣਾਇਆ ਜਾਵੇਗਾ।
ਰਾਣਾ ਸੋਢੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਖੇਡਾਂ ਨਾਲ ਕਈ ਹੋਰ ਵਿਸ਼ੇ ਜੁੜ ਗਏ ਹਨ, ਜਿਨਾਂ ਵਿੱਚ ਖਿਡਾਰੀਆਂ ਦੀ ਮਨੋਵਿਗਿਆਨਕ ਤੌਰ ‘ਤੇ ਸਿਖਲਾਈ ਸਭ ਤੋਂ ਅਹਿਮ ਹੈ ਕਿਉਂਕਿ ਇਸ ਤੋਂ ਬਿਨਾਂ ਖਿਡਾਰੀ ਕੌਮਾਂਤਰੀ ਪੱਧਰ ਉਤੇ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕਦੇ। ਖੇਡਾਂ ਨਾਲ ਹੀ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਪਾਸੇ ਲਾਇਆ ਜਾ ਸਕਦਾ ਹੈ ਅਤੇ ਕੌਮਾਂਤਰੀ ਪੱਧਰ ਉਤੇ ਪੰਜਾਬ ਤੇ ਦੇਸ਼ ਦਾ ਨਾਂ ਚਮਕਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਲਈ ਹੁਣ ਤੱਕ 21 ਕਰੋੜ ਰੁਪਏ ਦੇ ਕੈਸ਼ ਐਵਾਰਡ ਵੰਡੇ ਜਾ ਚੁੱਕੇ ਹਨ, ਜੋ ਪੂਰੇ ਦੇਸ਼ ਵਿੱਚੋਂ ਸਭ ਤੋਂ ਵੱਧ ਹੈ। ਇਸ ਮੌਕੇ ਉਨਾਂ ਖੇਡ ਵਿਭਾਗ, ਚੰਡੀਗੜ ਯੂਨੀਵਰਸਿਟੀ ਦੇ ਮਿਹਨਤੀ ਮੁਲਾਜ਼ਮਾਂ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।
ਇਸ ਮੌਕੇ ਚੰਡੀਗੜ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ, ਖੇਡ ਵਿਭਾਗ ਦੇ ਡਾਇਰੈਕਟਰ ਸੰਜੈ ਪੋਪਲੀ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ. ਬਾਵਾ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ, ਡਿਪਟੀ ਡਾਇਰੈਕਟਰ ਕਮਲਜੀਤ ਸਿੰਘ ਸਿੱਧੂ ਅਤੇ ਸਹਾਇਕ ਡਾਇਰੈਕਟਰ ਚਰਨਜੀਤ ਸਿੰਘ ਹਾਜ਼ਰ ਸਨ।
——–