*ਹਰਿਆਣਾ ਚੋਂ ਮਿਲੇ ਸਬਕ ਤੋਂ ਬਾਅਦ ਹੁਣ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ ਆਪ, MVA ਉਮੀਦਵਾਰਾਂ ਲਈ ਪ੍ਰਚਾਰ ਕਰਨਗੇ ਕੇਜਰੀਵਾਲ*

0
33

26 ਅਕਤੂਬਰ (ਸਾਰਾ ਯਹਾਂ/ਬਿਊਰੋ ਨਿਊਜ਼) ਅਗਲੇ ਮਹੀਨੇ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਵੱਡਾ ਫੈਸਲਾ ਲਿਆ ਹੈ। ਪਾਰਟੀ ਇਸ ਚੋਣ ਵਿੱਚ ਆਪਣੇ ਉਮੀਦਵਾਰ ਨਹੀਂ ਉਤਾਰੇਗੀ।

ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ‘ਆਪ’ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਪਾਰਟੀ ਵੱਲੋਂ ਦੱਸਿਆ ਗਿਆ ਕਿ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮਹਾਵਿਕਾਸ ਅਗਾੜੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।

ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਨੇ ਸੋਸ਼ਲ ਮੀਡਆ ਉੱਤੇ ਸਾਂਝੀ ਕੀਤੀ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਚਰਚਾ ਸੀ ਕਿ ਆਮ ਆਦਮੀ ਪਾਰਟੀ ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਪਾਰਟੀ ਇੱਕ ਸੀਟ ‘ਤੇ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਯੋਜਨਾ ਬਣਾ ਰਹੀ ਸੀ। ‘ਆਪ’ ਮਾਲਾਬਾਰ ਹਿੱਲ ਤੋਂ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਯੋਜਨਾ ਬਣਾ ਰਹੀ ਸੀ। ਹਾਲਾਂਕਿ ਹੁਣ ਪਾਰਟੀ ਵੱਲੋਂ ਮਹਾਰਾਸ਼ਟਰ ਚੋਣਾਂ ਨਾ ਲੜਨ ਦਾ ਅਧਿਕਾਰਤ ਐਲਾਨ ਕੀਤਾ ਗਿਆ ਹੈ।

ਆਪ ਵੱਲੋਂ ਮਹਾਰਾਸ਼ਟਰ ‘ਚ ਚੋਣਾਂ ਨਾ ਲੜਨ ਦੇ ਐਲਾਨ ‘ਤੇ ਦਿੱਲੀ ਸਰਕਾਰ ਦੇ ਮੰਤਰੀ ਤੇ ‘ਆਪ’ ਦੇ ਸੀਨੀਅਰ ਨੇਤਾ ਸੌਰਭ ਭਾਰਦਵਾਜ ਨੇ ਕਿਹਾ, ”ਇਹ ਸਾਡੇ ਦੋਹਾਂ ਗਠਜੋੜ ਭਾਈਵਾਲਾਂ ਸ਼ਰਦ ਪਵਾਰ ਅਤੇ ਊਧਵ ਠਾਕਰੇ ਦੀ ਨੇਕ ਗੱਲ ਹੈ ਕਿ ਮਹਾਰਾਸ਼ਟਰ ‘ਚ ਗਠਜੋੜ ਦੇ ਧਰਮ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਨੇ ਸਾਨੂੰ ਇਕ ਸੀਟ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਆਮ ਆਦਮੀ ਪਾਰਟੀ ਅਜਿਹੀ ਪਾਰਟੀ ਨਹੀਂ ਹੈ ਜੋ ਸਿਰਫ਼ ਆਪਣੀ ਹਉਮੈ ਦੀ ਖ਼ਾਤਰ ਚੋਣਾਂ ਲੜਦੀ ਹੈ।

ਉਨ੍ਹਾਂ ਅੱਗੇ ਕਿਹਾ, “ਸਾਡਾ ਮੰਨਣਾ ਹੈ ਕਿ ਸਾਡੇ ਗਠਜੋੜ ਦੇ ਭਾਈਵਾਲ ਮਹਾਰਾਸ਼ਟਰ ਦੇ ਅੰਦਰ ਚੰਗੀ ਤਰ੍ਹਾਂ ਚੋਣਾਂ ਲੜ ਸਕਦੇ ਹਨ। ਉਨ੍ਹਾਂ ਦੇ ਚੋਣ ਲੜਨ ਨਾਲ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਅਸੀਂ ਕਿਹਾ ਹੈ ਕਿ ਅਸੀਂ ਉਨ੍ਹਾਂ ਲਈ ਪ੍ਰਚਾਰ ਕਰਾਂਗੇ ਪਰ ਅਸੀਂ ਚੋਣਾਂ ਨਹੀਂ ਲੜਾਂਗੇ।”

NO COMMENTS