ਮਾਨਸਾ 14 ਜੂਨ(ਸਾਰਾ ਯਹਾਂ/ਬੀਰਬਲ ਧਾਲੀਵਾਲ): ਮਾਨਸਾ ਦੇ ਸਰਾਂ ਨਰਸਿੰਗ ਹੋਮ ਵਿੱਚ ਸਥਾਪਿਤ ਹਰਦੇਵ ਸਿੰਘ ਸਰਾਂ ਬਲੱਡ
ਸੈਂਟਰ ਵਿੱਚ ਵਿਸ਼ਵ ਖ਼ੂਨਦਾਨੀ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਖ਼ੂਨਦਾਨ ਵਿੱਚ
ਸਹਿਯੋਗ ਕਰਨ ਵਾਲੀਆਂ ਤਕਰੀਬਨ 50 ਸੰਸਥਾਂਵਾਂ ਜੋ ਕਿ ਮਾਨਸਾ ਜਿਲ੍ਹੇ ਅਤੇ ਕੁੱਝ ਬਾਹਰਲਿਆਂ ਜਿਲ੍ਹਿਆਂ ਵਿੱਚੋਂ
ਐਨ.ਜੀ.ਓ. ਨੂੰ ਸਨਮਾਣਿਤ ਕੀਤਾ ਗਿਆ। ਇਸ ਛੋਟੇ ਜਿਹੇ ਆਯੋਜਨ ਦੇ ਮੁੱਖ ਮਹਿਮਾਨ ਮਾਨਸਾ ਸਿਵਲ ਸਰਜਨ
ਡਾ. ਸੁਖਵਿੰਦਰ ਸਿੰਘ ਸਨ। ਮੁੱਖ ਮਹਿਮਾਨ ਜੀ ਨੇ ਵਿਸ਼ਵ ਖ਼ੂਨਦਾਨੀ ਦਿਵਸ ਤੇ ਖ਼ੂਨਦਾਨੀ ਸੱਜਣਾਂ ਨੂੰ ਸੰਬੋਧਿਤ
ਕਰਦੇ ਹੋਏ ਕਿਹਾ ਕਿ ਖ਼ੂਨਦਾਨ ਇੱਕ ਬਹੁਤ ਵੱਡਾ ਪੂੰਨ ਦਾ ਕੰਮ ਹੈ ਅਤੇ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣੀ
ਜ਼ਿੰਦਗੀ ਵਿੱਚ ਹਰੇਕ ਤਿੰਨ ਮਹੀਨਿਆਂ ਬਾਅਦ ਖ਼ੂਨਦਾਨ ਲਾਜ਼ਮੀ ਕਰਨਾ ਚਾਹੀਦਾ ਹੈ। ਤਾਂ ਜੋ ਲੋੜਵੰਦ
ਵਿਅਕਤੀਆਂ ਦੀ ਖ਼ੂਨ ਦੀ ਕਮੀ ਨੂੰ ਪੂਰਾ ਕਰਕੇ ਲੋੜਵੰਦਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਉਨ੍ਹਾਂ
ਵੱਲੋਂ ਹਰਦੇਵ ਸਿੰਘ ਸਰਾਂ ਬਲੱਡ ਸੈਂਟਰ ਦੀ ਸਾਰੀ ਟੀਮ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸੰਸਥਾਂ ਵੱਲੋਂ ਬਹੁਤ
ਵਧੀਆ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਮਹਿਮਾਨ ਜੀ ਵੱਲੋਂ ਵੱਖ-ਵੱਖ ਕਲੱਬਾਂ ਅਤੇ ਖ਼ੂਨਦਾਨੀ
ਸੱਜਣਾਂ ਨੂੰ ਸਨਮਾਣਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੌਕੇ ਡਾ. ਰਣਜੀਤ ਸਿੰਘ ਰਾਏ, ਡਾ. ਨਿਸ਼ਾਨ
ਸਿੰਘ, ਡਾ. ਪੰਕਜ ਸ਼ਰਮਾ, ਡਾ. ਸ਼ੇਰਜੰਗ ਸਿੰਘ ਸਿੱਧੂ ਵੱਲੋਂ ਸਿਰਕਤ ਕੀਤੀ ਗਈ। ਅੰਤ ਵਿੱਚ ਸੰਸਥਾਂ ਦੇ ਮੁੱਖੀ ਡਾ.
ਹਰਪਾਲ ਸਿੰਘ ਸਰਾਂ ਵੱਲੋਂ ਮੁੱਖ ਮਹਿਮਾਨ ਜੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਣ ਕੀਤਾ ਅਤੇ ਸਾਰੀਆਂ
ਪਹੁੰਚੀਆਂ ਹੋਈਆਂ ਸ਼ਖਸ਼ਿਅਤਾਂ ਦਾ ਧੰਨਵਾਦ ਕੀਤਾ।