*ਹਜ਼ਾਰਾਂ ਦਿਵਿਆਂਗ ਅਤੇ ਬਜ਼ੁਰਗਾਂ ਦਾ ਸਹਾਰਾ ਬਣੀ ਬੁਢਲਾਡਾ ਦੀ ਨੇਕੀ ਫਾਉਂਡੇਸ਼ਨ ਰਾਜ ਪੁਰਸਕਾਰ ਨਾਲ ਸਨਮਾਨਿਤ*

0
87

3 ਦਸੰਬਰ, ਬੁਢਲਾਡਾ (ਸਾਰਾ ਯਹਾਂ/ਅਮਨ ਮਹਿਤਾ) 

 ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ 3 ਦਸੰਬਰ ਨੂੰ ਹੋਏ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ 2024 ਦੇ ਰਾਜ ਪੱਧਰੀ ਸਮਾਰੋਹ ਵਿੱਚ ਬੁਢਲਾਡਾ ਦੀ ਨੇਕੀ ਫਾਉਂਡੇਸ਼ਨ ਨੂੰ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਕੈਟਾਗਿਰੀ ਵਿੱਚ ਪੰਜਾਬ ਵਿੱਚੋਂ ਸਰਵਉਤਮ ਸੰਸਥਾ ਐਲਾਨ ਕਰਦਿਆਂ ਸਮਾਜਿਕ ਸੁਰੱਖਿਆ ਮੰਤਰੀ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਦੇਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਮੰਚ ਤੋਂ ਨੇਕੀ ਫਾਉਂਡੇਸ਼ਨ ਦੁਆਰਾ ਕੀਤੇ ਗਏ ਕੰਮਾਂ  ਸ਼ਲਾਘਾ ਕਰਦਿਆਂ ਦੱਸਿਆ ਗਿਆ ਕਿ  ਸੰਸਥਾ  ਵੱਲੋਂ ਦਿਵਿਆਂਗ ਵਿਅਕਤੀਆਂ ਅਤੇ ਬਜ਼ੁਰਗਾਂ ਲਈ 18 ਅਸੈਸਮੈਂਟ ਅਤੇ ਸਹਾਇਕ ਉਪਕਰਨ ਵੰਡ ਕੈਂਪ ਲਗਾਏ ਗਏ ਜਿੱਥੇ ਦੋ ਕਰੋੜ ਤੋਂ ਵੱਧ ਕੀਮਤ ਦੇ ਸਮਾਨ ਨਾਲ 2780 ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਮਿਲਿਆ। ਇੱਥੇ ਹੀ ਨਹੀਂ, ਹੁਣ ਤੱਕ ਦਿਵਿਆਂਗ ਪਰਿਵਾਰਾਂ/ਮਾਪਿਆਂ ਦੀਆਂ 25 ਲੜਕੀਆਂ ਦੇ ਵਿਆਹ, ਹਰ ਮਹੀਨੇ 18 ਦਿਵਿਆਂਗ ਪਰਿਵਾਰਾਂ ਨੂੰ ਰਾਸ਼ਨ, 115 ਦਿਵਿਆਂਗ ਮਰੀਜ਼ਾਂ ਦਾ ਇਲਾਜ, 12 ਦਿਵਿਆਂਗ ਪਰਿਵਾਰਾਂ ਨੂੰ ਸਵੱਛ ਭਾਰਤ ਅਭਿਆਨ ਯੋਜਨਾ ਰਾਹੀਂ ਪਖਾਨੇ ਬਣਵਾਉਣ ਵਿੱਚ ਸਹਾਇਤਾ, 

23 ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਵ੍ਹੀਲਚੇਅਰ, ਤਿੰਨ ਪਹੀਆ ਸਾਇਕਲ ਆਦਿ ਸੰਸਥਾ  ਵੱਲੋਂ ਖ਼ਰੀਦ ਕੇ ਮੁਹੱਈਆ ਕਰਵਾਉਣ, 28  ਲੋੜਵੰਦ ਦਿਵਿਆਂਗ ਪਰਿਵਾਰਾਂ ਦੇ ਮਕਾਨ ਬਣਵਾਉਣ ਅਤੇ ਮੁਰੰਮਤ ਕਰਵਾਉਣ,  500 ਤੋਂ ਵੱਧ ਦਿਵਿਆਂਗ ਦੇ ਯੂ. ਡੀ. ਆਈ. ਡੀ. ਕਾਰਡ ਬਣਵਾਉਣ, 13 ਦਿਵਿਆਂਗ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਗੋਦ ਲੈਣ ਦਾ ਸਿਹਰਾ ਵੀ ਨੇਕੀ ਫਾਉਂਡੇਸ਼ਨ ਬੁਢਲਾਡਾ ਨੂੰ ਜਾਂਦਾ ਹੈ। ਨੇਕੀ ਫਾਉਂਡੇਸ਼ਨ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੁਰਸਕਾਰ ਸੰਸਥਾ ਨੂੰ ਨਹੀਂ, ਬਲਕਿ ਹਰ ਉਸ ਸਖਸ਼ ਨੂੰ ਮਿਲਿਆ ਹੈ ਜੋ ਨੇਕੀ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਉਹ ਇਸ ਸਟੇਟ ਅਵਾਰਡ ਨੂੰ ਆਪਣੇ ਵਲੰਟੀਅਰਾਂ, ਸਹਿਯੋਗੀਆਂ ਅਤੇ ਦਾਨੀਆਂ ਨੂੰ ਸਮਰਪਿਤ ਕਰਦੇ ਹਨ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਸੰਸਥਾ ਨੂੰ ਖੂਨਦਾਨ ਦੇ ਖੇਤਰ ਵਿੱਚ ਤਿੰਨ ਸਟੇਟ ਅਵਾਰਡ ਮਿਲ ਚੁੱਕੇ ਹਨ ਅਤੇ ਇਹ ਉਹਨਾਂ ਦਾ ਚੌਥਾ ਸਟੇਟ ਅਵਾਰਡ ਹੈ। ਅਜਿਹੇ ਪੁਰਸਕਾਰਾਂ ਨਾਲ ਜਿੱਥੇ ਸੰਸਥਾ ਦੇ ਮੈਂਬਰਾਂ ਦਾ ਨੇਕੀ ਦੇ ਕੰਮ ਕਰਨ ਵਿਚ ਹੌਂਸਲਾ ਹੋਰ ਵਧਦਾ ਹੈ, ਉੱਥੇ ਹੀ ਇਹ ਸੰਸਥਾ ਨੂੰ ਹੋਰ ਜਿੰਮੇਵਾਰ ਵੀ ਬਣਾ ਦਿੰਦੇ ਹਨ। ਉਹਨਾਂ ਕਿਹਾ ਕਿ ਸੰਸਥਾ ਨੇ ਇਹ ਫ਼ੈਸਲਾ ਲਿਆ ਹੈ ਕਿ ਪੁਰਸਕਾਰ ਨਾਲ ਮਿਲੀ 25000 ਰੁਪਏ ਰਾਸ਼ੀ ਨੂੰ ਵੀ ਕਿਸੇ ਹੋਰ ਕੰਮਾਂ ਤੇ ਖ਼ਰਚ ਨਾ ਕਰਕੇ, ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਕਾਰਜਾਂ ਲਈ ਹੀ ਖ਼ਰਚ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਲਵਲੀਨ ਬੜਿੰਗ ਵੱਲੋਂ ਵੀ ਸੰਸਥਾ ਨੂੰ ਫ਼ੋਨ ਕਰਕੇ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਸਥਾ ਵੱਲੋਂ ਜ਼ਮੀਨੀ ਪੱਧਰ ਉੱਤੇ ਇਮਾਨਦਾਰੀ ਨਾਲ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਾ ਹੈ।

NO COMMENTS