*ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਰਨਾਲ (ਹਰਿਆਣਾ) ਵਿਖੇ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੇ ਰੋਸ ਵਜੋਂ ਪ੍ਰਦਰਸ਼ਨ*

0
24

ਬੁਢਲਾਡਾ – 29 ਅਗੱਸਤ – ( ਸਾਰਾ ਯਹਾਂ/ਅਮਨ ਮੇਹਤਾ) – ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਹਰਿਆਣਾ ਦੇ ਕਰਨਾਲ ਵਿਖੇ ਕੀਤੇ ਵਹਿਸ਼ੀਆਨਾ ਲਾਠੀਚਾਰਜ ਵਿਰੁੱਧ ਕਿਸਾਨਾਂ ਨੇ ਸਥਾਨਕ ਆਈ ਟੀ ਆਈ ਚੌਕ ਵਿਖੇ ਭਾਦੋਂ ਮਹੀਨੇ ਦੀ ਤਿੱਖੜ ਧੁੱਪ ਵਿੱਚ ਦੋ ਘੰਟੇ ਆਵਾਜਾਈ ਠੱਪ ਕੀਤੀ ਅਤੇ ਹਰਿਆਣਾ ਦੀ ਖੱਟਰ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ।     ਇਸ ਮੌਕੇ ਜੁੜੇ ਇਕੱਠ ਨੂੰ ਪੰਜਾਬ ਕਿਸਾਨ ਸਭਾ ਸਬੰਧਤ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ,  ਸੰਬੋਧਨ ਕੀਤਾ।       ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ‘ਤੇ ਸ਼ੁੱਕਰਵਾਰ ਨੂੰ ਕਰਨਾਲ ਵਿਖੇ ਕੀਤਾ ਲਾਠੀਚਾਰਜ ਜਲਿਆਂ ਵਾਲੇ ਬਾਗ ਦੀ ਘਟਨਾ ਨੂੰ ਦੁਹਰਾਉਂਦਾ ਹੈ। ਖੱਟਰ ਅਤੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਨੰਗਾ ਕਰਦਾ ਹੈ।       ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਇਸ ਘਟਨਾਕ੍ਰਮ ਲਈ ਜਿੰਮੇਵਾਰ ਸਬੰਧਤ ਐਸ ਡੀ ਐਮ ਅਤੇ ਪੁਲਿਸ-ਪ੍ਰਸ਼ਾਸਨ ਅਧਿਕਾਰੀਆਂ ਉੱਪਰ ਇਰਾਦਾ ਕਤਲ ਆਦਿ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਫੌਰੀ ਗਿ੍ਫਤਾਰ ਕੀਤਾ ਜਾਵੇ ਅਤੇ ਤੁਰੰਤ ਮੁਅੱਤਲ ਕੀਤਾ ਜਾਵੇ । ਗਿ੍ਫਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ । ਜਖਮੀ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।     ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ-ਖੱਟਰ ਸਰਕਾਰ ਜਨਤਾ ਵਿੱਚ ਆਪਣੀ ਭਰੋਸੇਯੋਗਤਾ ਗੁਆ ਚੁੱਕੀਆਂ ਸਰਕਾਰਾਂ ਹਨ ਜੋ ਸਿਰਫ ਡੰਡੇ ਦੇ ਦਮ ‘ਤੇ ਸ਼ਾਸਨ ਕਰਨ ਦਾ ਭਰਮ ਪਾਲ ਰਹੀਆਂ ਹਨ। ਆਵਾਮ ਦੀ ਤਾਕਤ ਇਨਾਂ ਮਨਸੂਬਿਆਂ ਨੂੰ ਤਾਰ-ਤਾਰ ਕਰ ਦੇਵੇਗੀ।         ਆਗੂਆਂ ਨੇ ਕਿਹਾ ਕਿ ਮੋਦੀ-ਖੱਟਰ ਦੇ ਯਾਰ-ਬੇਲੀ  ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣੇ ਹਨ ਅਤੇ ਇਹ ਸਾਰੇ ਅਮਰੀਕਾ ਸਾਮਰਾਜ ਦੇ ਦਰਬਾਨ ਹਨ। ਇਸੇ ਕਰਕੇ ਆਮ ਜਨਤਾ ਨੂੰ ਕਾਨੂੰਨ-ਡੰਡੇ ਆਦਿ ਦੇ ਜ਼ੋਰ ਥੱਲੇ ਦਬਾਉਣ ਲਈ ਤਰਾਂ ਤਰਾਂ ਦੇ ਹੱਥਕੰਡੇ ਵਰਤ ਰਹੇ ਹਨ। ਪਰ ਆਮ ਲੋਕ ਇੰਨਾਂ ਜਨ ਵਿਰੋਧੀ ਕਾਨੂੰਨਾਂ ਅਤੇ ਮਾੜੇ ਫੈਸਲਿਆਂ ਨੂੰ ਹਰ ਹੀਲੇ ਰੱਦ ਕਰਵਾ ਕੇ ਹੀ ਦਮ ਲੈਣਗੇ ।

NO COMMENTS