ਸੰਗਠਿਤ ਬਾਲ ਵਿਕਾਸ ਤੇ ਲਾਭਪਾਤਰੀਆਂ ਅਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਲਲਕਾਰ

0
5

ਮਾਨਸਾ 10 ਜੁਲਾਈ (ਸਾਰਾ ਯਹਾ/ਜੋਨੀ ਜਿੰਦਲ ) ਅੱਜ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਦੇ ਸੱਦੇ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਮਾਨਸਾ ਵਿਖੇ ਜਿਲ੍ਹਾ ਸਕੱਤਰ ਚਰਨਜੀਤ ਕੌਰ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਇੱਕਠੇ ਹੋ ਕੇ ਡਬਲਿਊ.ਐਚ.ਓ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਮਹਾਂਮਰੀ ਤੋਂ ਬਚਾਅ ਲਈ ਲਾਲ ਮਾਸਕ ਅਤੇ ਫਾਸਲੇ ਦਾ ਧਿਆਨ ਰੱਖਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਵਰਕਰਾਂ ਹੈਲਪਰਾਂ ਨੂੰ ਸੰਬੋਧਨ ਕਰਦੇ ਹੋਏ, ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਬੱਚਿਆਂ ਦੇ ਬੁਨਿਆਦੀ ਅਧਿਕਾਰ ਸਿਹਤ ਸਿੱਖਿਆ ਅਤੇ ਪੋਸ਼ਣ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹਨ। ਆਈ.ਸੀ.ਡੀ.ਐੱਸ ਸਕੀਮ ਦੇ ਲਾਭਪਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਨਾ-ਮਾਤਰ ਸੇਵਾਵਾਂ ਲਈ ਵੀ ਕੇਂਦਰ ਸਰਕਾਰ ਵੱਲੋਂ ਪੂਰਨ ਬਜਟ ਦੇਣ ਲਈ ਪ੍ਰਬੰਧ ਨਹੀਂ ਕੀਤੇ ਗਏ। ਕੋਵਿਡ-19 ਦੀ ਮਹਾਂਮਰੀ ਸਮੇਂ ਕਈ ਪ੍ਰਦੇਸ਼ਾਂ ਵਿੱਚ ਆਂਗਣਵਾੜੀ ਕੇਂਦਰਾਂ ਵਿੱਚ ਦਿੱਤੇ ਜਾਣ ਵਾਲੇ ਨਿਊਟਰੇਸ਼ਨ ਲਈ ਕੇਂਦਰਾਂ ਵਿੱਚ ਰਸਦ ਮੁਹੱਈਆਂ ਨਹੀਂ ਕਰਵਾਈ ਗਈ ਅਤੇ ਜਿਸ ਦਾ ਸਿੱਧਾ ਅਸਰ ਇਸ ਸਕੀਮ ਨਾਲ ਜੁੜੇ 0 ਤੋਂ 6 ਸਾਲ ਦੇ ਕਰੋੜ ਬੱਚਿਆਂ ਅਤੇ ਗਰਭਵਤੀ ਔਰਤਾਂ ਦੁੱਧ ਪਿਆਉਣ ਵਾਲੀਆਂ ਮਾਵਾਂ ਤੇ ਪੋਸ਼ਣ ਉੱਤੇ ਮਾੜਾ ਪ੍ਰਭਾਵ ਪਵੇਗਾ।

          ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਵੱਲੋਂ ਲੋਕਡਾਊਨ ਦੇ ਪਹਿਲੇ ਚਰਨ ਤੋਂ ਹੀ ਕਰੋਨਾ ਯੋਧਿਆਂ ਦੇ ਰੂਪ ਵਿੱਚ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸ ਮਹਾਂਮਰੀ ਤੋਂ ਬਚਾਓ ਲਈ ਬੁਨਿਆਦੀ ਸੁਰੱਖਿਆ ਜਿਵੇਂ ਮਾਸਕ, ਸੈਨੇਟਾਈਜ਼ਰ, ਸਾਬਣ, ਦਸਤਾਨੇ, ਪੀ.ਪੀ.ਈ. ਕਿੱਟਾਂ, ਆਦਿ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਨਾ ਹੀ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਕਰੋਨਾ ਯੋਧਿਆਂ ਦਾ ਦਰਜਾ ਦਿੰਦੇ ਹੋਏ ਕਰੋਨਾ ਰਿਕਵਰ ਬੀਮਾ ਸਕੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਇਸ ਦੇ ਉਲਟ ਨਿੱਤ ਨਵੇਂ ਕੰਮਾਂ ਦੇ ਹੁਕਮ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਅਧਿਕਾਰੀਆਂ ਵੱਲੋਂ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਆਪਣੇ ਅਤੇ ਆਪਣੇ ਨਾਲ ਜੁੜੇ ਸਕੀਮ ਦੇ ਲਾਭਪਾਤਰੀਆਂ ਦੇ ਅਧਿਕਾਰਾਂ ਲਈ ਸਦਾ ਸੰਘਰਸ਼ ਦੇ ਮੈਦਾਨ ਵਿੱਚ ਰਹੀ ਅਤੇ ਅੱਗੇ ਵੀ ਹੱਕ ਸੱਚ ਲਈ ਸੰਘਰਸ਼ ਜਾਰੀ ਰੱਖੇਗੀ। ਆਪਣੇ ਅਧਿਕਾਰਾਂ ਦੇ ਨਾਲ-ਨਾਲ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ ਵਿੱਚ ਵੀ ਕਿਸੇ ਕਿਸਮ ਦੀ ਕਟੌਤੀ ਨੂੰ ਰੋਕਣ ਲਈ ਸੰਘਰਸ਼ ਕਰਦੀ ਰਹੇਗੀ। ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਕੋਵਿਡ-19 ਅਧੀਨ ਚੱਲ ਰਹੇ 50 ਲੱਖ ਦੇ ਬੀਮੇ ਦੇ ਵਿੱਚ ਆਂਗਣਵਾੜੀ ਵਰਕਰਾਂ ਨੂੰ ਸ਼ਾਮਿਲ ਕੀਤਾ ਜਾਵੇ। ਫਰੰਟ ਲਾਈਨ ਵਿੱਚ ਲੱਗੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਇੱਕ ਮਹੀਨੇ ਲਈ 25 ਹਜ਼ਾਰ ਰੁਪਏ ਦਾ ਵਾਧੂ ਕੋਵਿਡ-19 ਦਾ ਜੋਖਮ ਭੱਤਾ ਦਿੱਤਾ ਜਾਵੇ। ਆਂਗਣਵਾੜੀ ਵਰਕਰ ਹੈਲਪਰ ਦਾ ਮੁਫ਼ਤ ਕੋਵਿਡ-19 ਟੈਸਟ ਕੀਤਾ ਅਤੇ ਉਹਨਾਂ ਦੇ ਪਰਿਵਾਰ ਦਾ ਮੁਫ਼ਤ ਟੈਸਟ ਕਰ ਕੇ ਇਲਾਜ਼ ਕੀਤਾ ਜਾਵੇ। ਲਾਭਪਾਤਰੀਆਂ ਨੂੰ ਪੋਸ਼ਣ ਦੀ ਸਪਲਾਈ ਦੀ ਮਾਤਰਾ ਦੀ ਗੁਣਵੱਤਾ ਵਧਾਈ ਜਾਵੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵਰਕਰ ਵਜੋਂ ਮਾਨਤਾ ਦਿੱਤੀ ਜਾਵੇ। ਵਰਕਰਾਂ ਨੂੰ ਘੱਟੋ-ਘੱਟ 30 ਹਜ਼ਾਰ ਰੁਪਏ ਅਤੇ ਹੈਲਪਰਾਂ ਨੂੰ 21 ਹਜ਼ਾਰ ਰੁਪਏ ਤਨਖ਼ਾਹ ਕੀਤੀ ਜਾਵੇ, ਮਿੰਨੀ ਸੈਂਟਰਾਂ ਨੂੰ ਫੁੱਲ ਸੈਂਟਰਾਂ ਵਿੱਚ ਤਬਦੀਲ ਕੀਤਾ ਜਾਵੇ ਅਤੇ ਜਿੰਨਾ ਟਾਈਮ ਉਹ ਮਿੰਨੀ ਸੈਂਟਰ ਹਨ। ਉਨ੍ਹਾਂ ਟਾਈਮ ਵਰਕਰ ਨੂੰ ਪੂਰੀ ਤਨਖ਼ਾਹ ਦਿੱਤੀ ਜਾਵੇ। 45 ਵੇਂ ਅਤੇ 46 ਵੇਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਅਨੁਸਾਰ ਪੈਨਸ਼ਨ ਈ.ਐੱਸ.ਆਈ.ਪੀ.ਐੱਫ ਆਦਿ ਪ੍ਰਦਾਨ ਕੀਤਾ ਜਾਵੇ। ਪੰਜਾਬ ਸਰਕਾਰ ਵੱਲੋਂ ਕੀਤੇ ਮਾਨਭੱਤੇ ਵਿੱਚ 40% ਕਟੌਤੀ ਤੁਰੰਤ ਵਾਪਿਸ ਲੈ 600 ਰੁਪਏ ਵਰਕਰਜ਼ 300 ਰੁਪਏ ਹੈਲਪਰ ਅਤੇ 500 ਮਿੰਨੀ ਵਰਕਰ ਦੇ ਮਾਣ ਭੱਤਾ ਤੁਰੰਤ ਦਿੱਤਾ ਜਾਵੇ। ਇਸ ਮੀਟਿੰਗ ਵਿੱਚ ਅਮਨਦੀਪ ਕੌਰ ਜਿਲ੍ਹਾ ਕੈਸ਼ੀਅਰ, ਬਲਾਕ ਕੈਸ਼ੀਅਰ ਦਲਜੀਤ ਕੌਰ, ਬਲਾਕ ਸਕੱਤਰ ਮੀਨੂੰ ਰਾਣੀ, ਹਰਪ੍ਰੀਤ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ ਆਦਿ ਅਹੁੱਦੇਦਾਰਾਂ ਤੋਂ ਬਿਨ੍ਹਾਂ ਬਾਕੀ ਆਂਗਣਵਾੜੀ ਵਰਕਰ, ਹੈਲਪਰ ਵੀ ਸ਼ਾਮਿਲ ਹੋਏ।

NO COMMENTS