*ਸੜ੍ਹਕੀ ਹਾਦਸਿਆਂ ਨੂੰ ਰੋਕਣ ਲਈ ਆਵਾਜਾਈ ਨਿਯਮਾਂ ਦੀ ਪਾਲਣਾ ਅਤਿ ਜ਼ਰੂਰੀ-ਡਿਪਟੀ ਕਮਿਸ਼ਨਰ*

0
4

ਮਾਨਸਾ, 10 ਜਨਵਰੀ(ਸਾਰਾ ਯਹਾਂ/ਬੀਰਬਲ ਧਾਲੀਵਾਲ)
ਸੜ੍ਹਕਾਂ ’ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਜ਼ਿਲ੍ਹਾ ਸੜਕ ਸੁਰÇੱਖਆ ਕਮੇਟੀ ਦੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੜਕਾਂ ’ਤੇ ਦੁਰਘਟਨਾਵਾਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਇਸ ਲਈ ਸੜਕੀ ਸੁਰੱਖਿਆ ਇੱਕ ਅਹਿਮ ਮੁੱਦਾ ਹੈ ਅਤੇ ਸਾਨੂੰ ਸਭ ਨੂੰ ਇਸ ਸਬੰਧੀ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸੜਕ ਦੇ ਕਿਨਾਰੇ ਅਣਚਾਹੇ ਬਨਸਪਤੀ ਵਾਧੇ ਦੀ ਸਫ਼ਾਈ ਕਰਵਾਉਣੀ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਐਮਰਜੈਂਸੀ ਵਾਹਨ, ਰਿਕਵਰੀ ਵੈਨਾਂ ਅਤੇ ਹੋਰ ਵਾਹਨ ਧੁੰਦ ਦੇ ਸੰਕੇਤਾਂ ਨਾਲ ਲੈਸ ਹੋਣੇ ਚਾਹੀਦੇ ਹਨ, ਤਾਂ ਜੋ ਦੁਰਘਟਨਾ ਤੋਂ ਬਚਿਆਂ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਸਕੂਲੀ ਬੱਸਾਂ ਵਿੱਚ ਲਾਜ਼ਮੀ ਸਾਧਨ ਮੌਜੂਦ ਹੋਣੇ ਯਕੀਨੀ ਬਣਾਏ ਜਾਣ।
ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਹਾਈਵੇਅ ’ਤੇ ਬੈਰੀਅਰ ਲਗਾਉਣ ਸਮੇਂ ਧੁੰਦ ਵਿੱਚ ਰਿਫਲੈਕਟਰ ਅਤੇ ਫਲੈਸ਼ਿੰਗ ਲਾਈਟ ਜ਼ਰੂਰ ਲਗਾਉਣੀ ਚਾਹੀਦੀ ਹੈ। ਡਿਊਟੀ ’ਤੇ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀਆਂ ਰੈਟਰੋ ਰਿਫਲੈਕਟਿਵ ਜੈਕਟਾਂ ਪਾਉਣੀਆਂ ਚਾਹੀਦੀਆਂ ਹਨ, ਤਾਂ ਜੋ ਵਾਹਨ ਚਾਲਕਾਂ ਨੂੰ ਆਸਾਨੀ ਨਾਲ ਬੈਰੀਅਰ ਅਤੇ ਪੁਲਿਸ ਮੁਲਾਜ਼ਮ ਦਿਖਾਈ ਦੇਣ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸੜਕ ਦੇ ਕਿਨਾਰਿਆਂ ’ਤੇ ਢਾਬੇ ਜਾਂ ਚੁੰਗੀ ਪੋਸਟ ਦੇ ਨੇੜੇ ਖੜ੍ਹੇ ਵਾਹਨ ਹਾਈਵੇਅ ਦੇ ਸਾਫ਼ ਜ਼ੋਨ ਤੋਂ ਕਾਫ਼ੀ ਦੂਰ ਹੋਣ।
ਉਨ੍ਹਾਂ ਹਦਾਇਤ ਕੀਤੀ ਕਿ ਸੜਕਾਂ ’ਤੇ ਓਵਰਲੋਡਿੰਗ ਵਾਹਨਾਂ ਦੇ ਚਲਾਨ ਕੱਟੇ ਜਾਣ, ਤਾਂ ਜੋ ਅਜਿਹੇ ਵਾਹਨਾਂ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਰਾਤ ਸਮੇਂ ਕਈ ਵਾਰ ਬੇਸਹਾਰਾ ਪਸ਼ੂ ਦਿਖਾਈ ਨਾ ਦੇਣ ਕਾਰਨ ਵਾਹਨਾਂ ਨਾਲ ਟਕਰਾ ਜਾਂਦੇ ਹਨ, ਇਸ ਲਈ ਅਜਿਹੇ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਰਾਤ ਸਮੇਂ ਚਮਕਣ ਵਾਲੀਆਂ ਪੱਟੀਆਂ ਪਾਈਆਂ ਜਾਣ, ਤਾਂ ਜੋ ਵਾਹਨ ਚਾਲਕਾਂ ਨੂੰ ਦੂਰ ਤੋਂ ਹੀ ਇਹ ਪਸ਼ੂ ਦਿਖਾਈ ਦੇਣ। ਉਨ੍ਹਾਂ ਨਾਲ ਹੀ ਕਿਹਾ ਕਿ ਸਕੂਲਾਂ ਦੇ ਆਸ-ਪਾਸ ‘ਸਪੀਡ ਲਿਮਟ’ ਅਤੇ ‘ਅੱਗੇ ਸਕੂਲ ਹੈ’ ਵਰਗੇ ਸਾਈਨ ਬੋਰਡ ਲਗਵਾਉਣੇ ਯਕੀਨੀ ਬਣਾਏ ਜਾਣ।
ਇਸ ਤੋਂ ਇਲਾਵਾ ਮੀਟਿੰਗ ਦੌਰਾਨ ਸੜਕਾਂ ’ਤੇ ਝੁਕੇ ਹੋਏ ਦਰਖ਼ਤਾਂ ਨੂੰ ਛਾਂਗਣ, ਟਰੈਫਿਕ ਲਾਈਟਾਂ, ਸਪੀਡ ਬਰੇਕਰ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਸੜਕੀ ਹਾਦਸਿਆਂ ਲਈ ਜ਼ਿੰਮੇਵਾਰ ਕਾਰਨਾਂ ਨੂੰ ਦੂਰ ਕਰਨ ਅਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਗੱਲਬਾਤ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ, ਐਸ.ਡੀ.ਐਮ. ਮਾਨਸਾ ਸ੍ਰ ਮਨਜੀਤ ਸਿੰਘ ਰਾਜਲਾ, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਨਿਤੇਸ਼ ਕੁਮਾਰ ਜੈਨ, ਡੀ.ਐਸ.ਪੀ. ਸ਼੍ਰੀ ਪੁਸਪਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਿੰਦਰ ਸਿੰਘ ਭੁੱਲਰ ਅਤੇ ਟਰੈਫਿਕ ਇੰਚਾਰਜ ਸ਼੍ਰੀ ਸੁਰੇਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

NO COMMENTS